ਪੱਤਰ ਪ੍ਰੇਰਕ
ਦਸੂਹਾ, 8 ਨਵੰਬਰ
ਇੱਥੇ ਸ਼ਹਿਰ ਅੰਦਰ ਸੁਰੱਖਿਆ ਪ੍ਰਬਧਾਂ ਨੂੰ ਲੈ ਕੇ ਠੋਸ ਨੀਤੀ ਬਣਾਉਣ ਲਈ ਵਪਾਰ ਮੰਡਲ ਦਸੂਹਾ ਵੱਲੋਂ ਡੀਐੱਸਪੀ ਜਤਿੰਦਰ ਪਾਲ ਨਾਲ ਮੁਲਾਕਾਤ ਕੀਤੀ ਗਈ। ਮੰਡਲ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਬੈਠਕ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਅਤੇ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਬੈਠਕ ਵਿੱਚ ਦਸੂਹਾ ਕੋਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖਾਲਸਾ ਤੇ ਸਾਬਕਾ ਪ੍ਰਧਾਨ ਰਾਣਾ ਇਕਬਾਲ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਗੱਗੀ ਠੁਕਰਾਲ ਨੇ ਕਿਹਾ ਕਿ ਇਲਾਕੇ ਨੂੰ ਅਪਰਾਧ ਅਤੇ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਰਸਤਿਆਂ ਤੇ ਹੋਰਨਾਂ ਵੱਖ-ਵੱਖ ਸੰਵੇਦਨਾਸ਼ੀਲ ਚੌਕਾਂ ਤੇ ਬਾਜ਼ਾਰਾਂ ’ਚ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਡੀਐਸਪੀ ਜਤਿੰਦਰਪਾਲ ਨੇ ਇਸ ਪ੍ਰਾਜੈਕਟ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਪੂਰਨ ਤੌਰ ’ਤੇ ਸਹਿਯੋਗ ਦਾ ਭਰੋਸਾ ਦਿੱਤਾ। ਦਸੂਹਾ ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖਾਲਸਾ ਨੇ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ ਸੀਸੀਟੀਵੀ ਕੈਮਰਿਆਂ ਲਈ 25 ਲੱਖ ਰੁਪਏ ਦੇ ਟੈਂਡਰ ਲਗਾਏ ਗਏ ਹਨ।