ਧਿਆਨ ਸਿੰਘ ਭਗਤ
ਕਪੂਰਥਲਾ, 28 ਅਕਤੂਬਰ
ਬਹੁਚਰਚਿਤ ਮਿਕ ਮੋਬਾਈਲ ਸ਼ੋਅ ਰੂਮ ਗੋਲੀ ਕਾਂਡ ਦੇ ਦੋਵੇਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਨੇ ਫਾਇਰਿੰਗ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲੀਸ ਨੇ ਕੌਸ਼ਲ ਚੌਧਰੀ ਗਰੁੱਪ ਦੇ ਦੋ ਸ਼ੂਟਰ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਹਨ।
ਪੁਲੀਸ ਨੇ ਮਨੀਸ਼ ਉਰਫ ਮਨੀ ਤੇ ਲਲਿਤ ਕੁਮਾਰ ਦੋਵੇਂ ਵਾਸੀ ਦੂਧੋਲਾ, ਥਾਣਾ ਗਦਪੁਰੀ, ਪਲਵਲ, ਹਰਿਆਣਾ ਨੂੰ ਦੋ ਦੇਸੀ ਪਿਸਤੌਲਾਂ ਅਤੇ ਸੱਤ ਜ਼ਿੰਦਾ ਰੌਂਦਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪਵਨ ਕੁਮਾਰ ਵਾਸੀ ਮੰਗੋਲਪੁਰ ਰੋਹਿਣੀ, ਦਿੱਲੀ, ਰਾਹੁਲ ਵਾਸੀ ਆਮਰੂ ਜ਼ਿਲ੍ਹਾ ਪਲਵਲ ਹਰਿਆਣਾ, ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾਂ, ਥਾਣਾ ਸਦਰ ਗੁੜਗਾਉ ਹਰਿਆਣਾ, ਸੌਰਵ ਗੰਡੋਲੀ ਵਾਸੀ ਗਰੋਲੀ ਖੁਰਦ ਹਰਿਆਣਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 256 ਮਿਤੀ 7 ਅਕਤੂਬਰ, 2024 ਬੀਐਨਐਸ 109, 308(5), 324(4), 61(2), 111 ਅਤੇ 25 ਅਸਲਾ ਐਕਟ ਤਹਿਤ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁਲਵੰਤ ਰਾਏ ਪੁਲੀਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਟੈਕਨੀਕਲ ਅਤੇ ਹਿਊਮਨ ਇਨਵੈਸਟੀਗੇਸ਼ਨ ਰਾਹੀਂ ਮੁਲਜ਼ਮਾਂ ਦੀ ਸੂਹ ਲਾਈ।
ਦੱਸਣਯੋਗ ਹੈ ਕਿ 7 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਡੀਸੀ ਚੌਕ ਨੇੜੇ ਮਿਕ ਮੋਬਾਈਲ ਸ਼ੋਅ ਰੂਮ ’ਤੇ ਅਣਪਛਾਤੇ ਹਮਲਾਵਰ 15-20 ਗੋਲੀਆਂ ਚਲਾ ਕੇ ਮੌਕੇ ’ਤੇ 5 ਕਰੋੜ ਰੁਪਏ ਦੀ ਰੰਗਦਾਰੀ ਦੀ ਪਰਚੀ ਛੱਡ ਗਏ ਸਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਤਲ, ਫਿਰੌਤੀ ਮੰਗਣ ਦੇ ਕਈ ਮਾਮਲੇ ਵੱਖ ਵੱਖ ਰਾਜਾਂ ਵਿੱਚ ਦਰਜ ਹਨ, ਜਿਨ੍ਹਾਂ ਵਿਚੋਂ ਕਈ ਮਾਮਲਿਆਂ ਵਿੱਚ ਮੁਲਜ਼ਮ ਭਗੌੜੇ ਹਨ। ਉਨ੍ਹਾਂ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਸੌਰਵ ਗੰਡੋਲੀ ਦਾ ਅਸਲ ਨਾਂ ਪਵਨ ਕੁਮਾਰ ਹੈ ਜੋ ਮੰਗੋਲਪੁਰੀ, ਰੋਹਿਣੀ ਦਾ ਰਹਿਣ ਵਾਲਾ ਹੈ। ਇਹ ਕੌਸ਼ਲ ਚੌਧਰੀ ਗਰੁੱਪ ਨਾਲ ਮਿਲਿਆ ਹੋਇਆ ਹੈ ਤੇ ਇਸੇ ਗੈਂਗ ਦੇ ਕਹਿਣ ’ਤੇ ਗੋਲੀਆਂ ਚਲਾ ਕੇ ਫਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ। ਮੁਲਜ਼ਮਾਂ ਨੇ ਪਹਿਲਾਂ ਮਿਕ ਸ਼ੋਅ ਰੂਮ ਦੀ ਰੇਕੀ ਕੀਤੀ ਤੇ ਫਿਰ ਚੋਰੀ ਦੇ ਮੋਟਰ ਸਾਈਕਲ ਰਾਹੀਂ ਘਟਨਾ ਨੂੰ ਅੰਜਾਮ ਦਿੱਤਾ।