ਪਾਲ ਸਿੰਘ ਨੌਲੀ
ਜਲੰਧਰ, 12 ਅਕਤੂਬਰ
ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਵਰਤੀ ਲਾਪ੍ਰਵਾਹੀ ਕਾਰਨ ਜ਼ਖਮੀ ਹੋਏ 16 ਸਾਲਾ ਲੜਕੇ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ। ਮ੍ਰਿਤਕ ਦੀ ਪਛਾਣ ਵੰਸ਼ ਪੁੱਤਰ ਚੰਦਰ ਸੇਨ ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਉਨ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਡਾਕਟਰ ਜਤਿੰਦਰ ਸਿੰਘ ਦੀ ਜਦੋਂ ਮੈਡੀਕਲ ਜਾਂਚ ਕਰਵਾਈ ਤਾਂ ਉਸ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋ ਗਈ। ਜਿਸ ’ਤੇ ਡਾਕਟਰ ਵਿਰੁੱਧ ਐੱਫਆਈਆਰ ਦਰਜ ਕਰ ਲਈ ਗਈ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਮੁਕੇਰੀਆਂ ਦੇ ਰਹਿਣ ਵਾਲੇ ਵੰਸ਼ ਦਾ ਸਕੂਲ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ ਤੇ ਉਸ ਦੀਆਂ ਪਸਲੀਆਂ ’ਤੇ ਸੱਟ ਲੱਗੀ ਸੀ। ਉਥੋਂ ਹਸਪਤਾਲ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਪਰਿਵਾਰ ਦੇ ਮੈਂਬਰ ਜਦੋਂ ਵੰਸ਼ ਨੂੰ ਬੀਤੀ ਦੇਰ ਰਾਤ ਮਾਡਲ ਟਾਊਨ ਨੇੜੇ ਗਾਰਡੀਅਨ ਹਸਪਤਾਲ ਵਿੱਚ ਲੈ ਕੇ ਆਏ ਤਾਂ ਇਥੇ ਹਸਪਤਾਲ ਵਿੱਚ ਦਾਖਲ ਹੋਣ ਦੇ ਕੁਝ ਸਮਾਂ ਬਾਅਦ ਹੀ ਵੰਸ਼ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਡਾਕਟਰਾਂ ਨੇ ਵੰਸ਼ ਦੇ ਇਲਾਜ ਵਿੱਚ ਲਾਪਰਵਾਹੀ ਵਰਤੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਡਾਕਟਰ ਕੋਲੋਂ ਉਹ ਪੁੱਛਗਿੱਛ ਕਰ ਰਹੇ ਸਨ ਤਾਂ ਉਦੋਂ ਪਰਿਵਾਰ ਨੂੰ ਲੱਗਾ ਕਿ ਡਾਕਟਰ ਨੇ ਸ਼ਰਾਬ ਪੀਤੀ ਹੋਈ ਸੀ।