ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 12 ਜੁਲਾਈ
ਇਥੇ ਬਣ ਰਹੇ ਪੁੱਲ ਦਾ ਕੰਮ ਪਿੱਛਲੇ ਤਿੰਨ ਮਹੀਨਿਆਂ ਤੋਂ ਬੰਦ ਹੋਣ ਤੇ ਲੋਕਾਂ ਨੂੰ ਦਰਪੇਸ਼ ਪ੍ਰੇਸ਼ਾਨੀਆਂ ਦੇ ਰੋਸ ਵਜੋਂ ਆਦਮਪੁਰ ਵਾਸੀਆਂ ਨੇ 18 ਜੁਲਾਈ ਤੋਂ ਅਣਮਿਥੇ ਸਮੇਂ ਲਈ ਆਦਮਪੁਰ ਬੰਦ ਰੱਖਣ ਅਤੇ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲ ਨਿਰਮਾਣ ਸੰਘਰਸ਼ ਕਮੇਟੀ ਦੀ ਨਗਰ ਕੌਂਸਲ ਦਫ਼ਤਰ ਵਿੱਚ ਪੁਲ ਦੀ ਉਸਾਰੀ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ। ਸੰਘਰਸ਼ ਕਮੇਟੀ ਨੇ ਪੁਲ ਦੀ ਉਸਾਰੀ ਲਟਕਣ ਦਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਅਧਿਕਾਰੀਆਂ ਸਾਹਮਣੇ ਰੱਖੀਆਂ ਤੇ ਪੁਲ ਦਾ ਰੁਕਿਆ ਕੰਮ ਛੇਤੀ ਸ਼ੁਰੂ ਕਰਾਉਣ ਦੀ ਮੰਗ ਕੀਤੀ। ਅਧਿਕਾਰੀਆਂ ਵਲੋਂ ਕੋਈ ਹਾਂਪੱਖੀ ਹੁੰਗਾਰਾ ਨਾ ਮਿਲਣ ਤੋਂ ਭਖੇ ਸੰਘਰਸ਼ ਕਮੇਟੀ ਆਗੂਆਂ ਨੇ ਅਖੀਰ ਆਪਣੀ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ 17 ਜੁਲਾਈ ਤਕ ਪੁਲ ਅਤੇ ਸਰਵਿਸ ਲੇਨ ਦਾ ਰੁਕਿਆ ਕੰਮ ਸ਼ੁਰੂ ਨਾ ਹੋਇਆ ਤਾਂ 18 ਜੁਲਾਈ ਤੋਂ ਸੜਕ ਜਾਮ ਕਰਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਲੋਕਾਂ ਨੇ ਦੱਸਿਆ ਕਿ ਪੁਲ ਅਤੇ ਸੜਕ ਦੀ ਉਸਾਰੀ ਦਾ ਕੰਮ ਕਾਫੀ ਮਹੀਨਿਆਂ ਤੋਂ ਬੰਦ ਹਨ, ਸੜਕਾਂ ’ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜੋ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।