ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਸਤੰਬਰ
ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਨੂੰ ਬੰਦ ਕੀਤੇ ਜਾਣ ਦੇ ਵਿਰੋਧ ’ਚ ਬਸਪਾ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਾਰਟੀ ਆਗੂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਐਡਵੋਕੇਟ ਪਲਵਿੰਦਰ ਮਾਨਾ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਪਿਛਲੇ ਕਰੀਬ 18 ਮਹੀਨਿਆਂ ਤੋਂ ਦੋ ਰੁਪਏ ਪ੍ਰਤੀ ਕਿਲੋਗ੍ਰਾਮ ਮਿਲਣ ਵਾਲੀ ਕਣਕ ਦੀ ਸਪਲਾਈ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ। ਬਸਪਾ ਆਗੂ ਸੁਖਦੇਵ ਸਿੰਘ ਬਿੱਟਾ ਨੇ ਕਿਹਾ ਕਿ ਸ਼ਹਿਰ ਅੰਦਰ ਚੱਲ ਰਹੇ ਨਿੱਜੀ ਨਸ਼ਾ ਛਡਾਊ ਕੇਂਦਰ ਵਿਚ ਲੋਕਾਂ ਦੀ ਲੁੱਟ-ਖਸੁੱਟ ਹੋ ਰਹੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਬਸਪਾ ਵਲੋਂ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ। ਰੋਸ ਮੁਜ਼ਾਹਰੇ ਮਗਰੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਸਪਾ ਆਗੂ ਮਨਿੰਦਰ ਸਿੰਘ, ਸੁਮਿੱਤਰ ਸੀਕਰੀ, ਇੰਜ. ਮਹਿੰਦਰ ਸਿੰਘ ਸੰਧਰ, ਜਗਮੋਹਨ ਸਿੰਘ, ਮਹਿੰਦਰ ਕੌਰ, ਰੇਨੂ ਲੱਧੜ, ਵਰਿੰਦਰ ਬੱਧਣ, ਜਸਵਿੰਦਰ ਸਿੰਘ ਦੁੱਗਲ, ਸੰਤੋਖ ਸਿੰਘ, ਗੁਰਦੇਵ ਸਿੰਘ ਅਤੇ ਸਰਪੰਚ ਬਲਵੀਰ ਸਿੰਘ ਮੌਜੂਦ ਸਨ।