ਦਲਬੀਰ ਸੱਖੋਵਾਲੀਆ/ਹਰਪ੍ਰੀਤ ਕੌਰ
ਡੇਰਾ ਬਾਬਾ ਨਾਨਕ/ਹੁ਼ਸ਼ਿਆਰਪੁਰ, 20 ਨਵੰਬਰ
ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਜ਼ਿਮਨੀ ਚੋਣ ਦੌਰਾਨ ਅੱਜ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਡੇਰਾ ਬਾਬਾ ਨਾਨਕ ਹਲਕੇ ਵਿੱਚ 63.2 ਫੀਸਦ ਵੋਟਿੰਗ ਹੋਈ, ਜਦਕਿ ਚੱਬੇਵਾਲ ਵਿੱਚ 53 ਫੀਸਦੀ ਵੋਟਾਂ ਪਈਆਂ।
ਦੋਵਾਂ ਹਲਕਿਆਂ ਵਿੱਚ ਵੋਟਿੰਗ ਫੀਸਦੀ ਘਟਿਆ ਹੈ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਰਮਵਾਰ 23.70 ਅਤੇ 71.19 ਫ਼ੀਸਦੀ ਸੀ।
ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਉਪ ਚੋਣ ਦੀ ਪ੍ਰਕਿਰਿਆ ਅਮਨ ਸ਼ਾਂਤੀ ਪੂਰਵਕ ਨੇਪਰੇ ਚੜ੍ਹਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਸਿਵਲ, ਪੁਲੀਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਮੂਹ ਪੋਲਿੰਗ ਸਟਾਫ ਦੇ ਸਹਿਯੋਗ ਨਾਲ ਵੋਟ ਪ੍ਰਕਿਰਿਆ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹੀ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਵਿੱਚ 73.70 ਵੋਟਾਂ ਪਈਆਂ ਸਨ, ਜਦੋਂ ਕਿ ਇਸੇ ਸਾਲ ਮਈ ਮਹੀਨੇੇ ਹੋਈਆਂ ਲੋਕ ਸਭਾ ਚੋਣਾ ਦੌਰਾਨ ਇਸ ਹਲਕੇ ’ਚ 65. 30 ਫ਼ੀਸਦੀ ਵੋਟਾਂ ਪਈਆਂ ਸਨ। ਉਧਰ ਜ਼ਿਲ੍ਹਾ ਚੋਣ ਅਧਿਕਾਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਵਿਖੇ ਸ਼ਾਮ ਛੇ ਵਜੇ ਤੱਕ 63.2 ਫੀਸਦ ਵੋਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਗੁਰਦਾਸਪੁਰ ਸਥਿਤ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ’ਚ ਹੋਵੇਗੀ। ਪੋਲਿੰਗ ਵਾਲੀਆਂ ਵੋਟਿੰਗ ਮਸ਼ੀਨਾਂ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਵਿਖੇ ਸਥਾਪਤ ਸਟਰਾਂਗ ਰੂਮਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਡੇਰਾ ਬਾਬਾ ਨਾਨਕ ਹਲਕੇ ਵਿੱਚ 73.70 ਅਤੇ ਲੋਕ ਸਭਾ ਚੋਣਾਂ 2024 ਦੌਰਾਨ 65.30 ਫੀਸਦ ਵੋਟਿੰਗ ਹੋਈ ਸੀ। ਚੱਬੇਵਾਲ ਦੀ ਸਾਲ 2022 ਵਿਚ ਪੋਲਿੰਗ ਦਰ 71.19 ਫ਼ੀਸਦੀ ਤੇ ਸਾਲ 2017 ਵਿਚ 74.20 ਫ਼ੀਸਦੀ ਰਹੀ ਹੈ ਅਤੇ ਅੱਜ ਇਹ ਦਰ 53 ਫ਼ੀਸਦੀ ਰਹਿ ਗਈ ਹੈ।