ਪੱਤਰ ਪ੍ਰੇਰਕ
ਮੁਕੇਰੀਆਂ, 27 ਮਈ
ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਵੱਲੋਂ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਪੱਖ ਵਿੱਚ ਪਿੰਡ ਮਾਨਸਰ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਵਿਚਲਾ ਰੋਡ ਸ਼ੋਅ ਫੇਲ੍ਹ ਸਾਬਤ ਹੋਇਆ ਹੈ। ਰੋਡ ਸ਼ੋਅ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਅੰਦਰ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਤੇ ਹਲਕਾ ਮੁਕੇਰੀਆਂ ਦੇ ਲੋਕ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੀ ਲੀਡ ਦਿਵਾਉਣਗੇ। ਇਸ ਮੌਕੇ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਮੁਕੇਰੀਆਂ ਵਾਸੀਆਂ ਵੱਲੋਂ ਪਿਛਲੇ ਦਿਨਾਂ ਦੌਰਾਨ ਦਿੱਤੇ ਗਏ ਪਿਆਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ ਤੇ ਲੋਕਾਂ ਦੇ ਪਿਆਰ ਦਾ ਕਰਜ਼ ਸੇਵਾ ਕਰ ਕੇ ਉਤਾਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਅਨਿਲ ਮਾਨਸਰ, ਸੌਦਾਗਰ ਸਿੰਘ ਚਨੌਰ, ਚਰਨਜੀਤ ਸਿੰਘ, ਕੇਵਲ ਕ੍ਰਿਸ਼ਨ, ਡਾ. ਬਹਾਦਰ ਸਿੰਘ, ਅਨਿਲ ਜਨਰਲ ਸੈਕਟਰੀ ਐੱਸ.ਸੀ. ਵਿੰਗ, ਡਾ. ਬਖਸ਼ੀ ਪ੍ਰਧਾਨ ਓ.ਬੀ.ਸੀ. ਵਿੰਗ, ਵਾਸੂਦੇਵ, ਰਵੀ, ਪਵਨ, ਰਾਮਪਾਲ, ਡਾ. ਸੰਤੋਖ ਸਿੰਘ ਮੰਝਪੁਰ ਤੇ ਉਤਕਰਸ਼ ਠਾਕੁਰ ਮੌਜੂਦ ਸਨ।
ਧੁੱਗਾ ਵੱਲੋਂ ਠੰਡਲ ਦੇ ਹੱਕ ਵਿੱਚ ਮੀਟਿੰਗਾਂ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਦੇਸ ਰਾਜ ਸਿੰਘ ਧੁੱਗਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸ੍ਰੀ ਧੁੱਗਾ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਤੇ ਮਜ਼ਦੂਰਾਂ ਦੇ ਨੇਤਾ ਸਨ। ਉਨ੍ਹਾਂ ਦੀ ਬਦੌਲਤ ਹੀ ਮਾਈ ਭਾਗੋ ਵਰਗੀਆਂ ਸਕੀਮਾਂ ਤਹਿਤ ਪੜ੍ਹਨ ਵਾਲੀਆਂ ਬੱਚੀਆਂ ਨੂੰ ਸਾਈਕਲ ਦੀ ਸਹੂਲਤ, ਨੀਲੇ ਕਾਰਡਧਾਰਕਾਂ ਨੂੰ 25-25 ਕਿਲੋ ਪ੍ਰਤੀ ਮੈਂਬਰ ਕਣਕ, ਸ਼ਗਨ ਸਕੀਮ ਅਤੇ ਹੋਰ ਕਈ ਸਹੂਲਤਾਂ ਮਿਲਦੀਆਂ ਸਨ ਪਰ ਬਾਅਦ ’ਚ ਆਈਆਂ ਸਰਕਾਰਾਂ ਨੇ ਜ਼ਰੂਰਤਮੰਦ ਲੋਕਾਂ ਦੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। ਅਕਾਲੀ ਨੇਤਾ ਸੰਜੀਵ ਤਲਵਾੜ ਨੇ ਕਿਹਾ ਕਿ ਸੋਹਣ ਸਿੰਘ ਠੰਡਲ ਬੇਦਾਗ ਨੇਤਾ ਹਨ। ਇਸ ਮੌਕੇ ਹਰਭਜਨ ਸਿੰਘ, ਗੁਰਮੀਤ ਸਿੰਘ, ਰੇਖਾ ਰਾਣੀ, ਪ੍ਰੀਆ ਸੈਣੀ ਤੇ ਨੀਲਮ ਮੌਜੂਦ ਸਨ।