ਪੱਤਰ ਪ੍ਰੇਰਕ
ਭੁਲੱਥ, 20 ਫਰਵਰੀ
ਅੱਜ ਵਿਧਾਨ ਸਭਾ 2022 ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਦੇ ਨਾਲ ਹੀ ਦਸ ਉਮੀਦਵਾਰਾਂ ਦੀ ਕਿਸਮਤ ਵੋਟਰਾਂ ਵੱਲੋਂ ਮਸ਼ੀਨਾਂ ਵਿਚ ਬੰਦ ਕਰ ਦਿੱਤੀ ਗਈ ਹੈ ਤੇ ਹਰ ਵਰਗ ਦੇ ਵੋਟਰਾਂ ਵੱਲੋਂ ਚੋਣ ਪ੍ਰਬੰਧਾਂ ’ਤੇ ਖੁਸ਼ੀ ਪ੍ਰਗਟਾਈ ਗਈ। ਚੋਣ ਅਧਿਕਾਰੀ ਡਾਕਟਰ ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਹਲਕੇ ਦੇ 1,35,230 ਵੋਟਰਾਂ ਵਿੱਚੋਂ 61.3 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਹੈ। ਉਨ੍ਹਾਂ ਇਸ ਕੰਮ ਨੂੰ ਸ਼ਾਂਤਮਈ ਨੇਪਰੇ ਚਾੜ੍ਹਨ ਲਈ ਚੋਣ ਅਮਲੇ, ਵੋਟਰਾਂ ਤੇ ਰਾਜਸੀ ਵਰਕਰਾਂ ਦਾ ਧੰਨਵਾਦ ਕੀਤਾ। ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਦੇ ਬੀਬੀ ਜਗੀਰ ਕੌਰ, ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਰਾਣਾ, ਕਿਸਾਨ ਸੰਘਰਸ਼ ਪਾਰਟੀ ਦੇ ਸਰਬਜੀਤ ਸਿੰਘ ਲੁਬਾਣਾ, ਪੰਜਾਬ ਲੋਕ ਕਾਂਗਰਸ ਦੇ ਅਮਨਦੀਪ ਸਿੰਘ ਗਿੱਲ, ਅਕਾਲੀ ਦਲ ਅੰਮ੍ਰਿਤਸਰ ਦੇ ਰਾਜਿੰਦਰ ਸਿੰਘ ਫੌਜੀ ਅਤੇ ਆਰਪੀਆਈ ਦੀ ਨਵਰੀਤ ਕੌਰ ਬੱਲ ਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਚੋਣ ਮਸ਼ੀਨਾਂ ਵਿਚ ਵੋਟਰਾਂ ਨੇ ਬੰਦ ਕਰ ਦਿੱਤੀ। ਇਸ ਮੌਕੇ ਵੱਖ-ਵੱਖ ਚੋਣ ਕੇਂਦਰਾਂ ’ਤੇ ਦੇਖਿਆ ਗਿਆ ਕਿ ਰਾਜਸੀ ਪਾਰਟੀਆਂ ਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਇਕੱਠੇ ਬੈਠ ਕੇ ਵੋਟਾਂ ਦਾ ਕੰਮ ਨਿਪਟਾਇਆ ਗਿਆ। ਆਮ ਪੋਲਿੰਗ ਕੇਦਰਾਂ ’ਤੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਿਤੇ ਕਿਤੇ ਅਕਾਲੀ ਦਲ ਅੰਮ੍ਰਿਤਸਰ ਦੇ ਬੂਥ ਲੱਗੇ ਹੋਏ ਸਨ ਅਤੇ ਪੰਜਾਬ ਕਾਂਗਰਸ ਅਤੇ ਆਰਪੀਆਈ ਤੇ ਕਿਸਾਨ ਸੰਘਰਸ਼ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਦੇ ਚੋਣ ਬੂਥ ਘੱਟ ਹੀ ਲੱਗੇ ਸਨ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਗੁਰਾਇਆ ਅਤੇ ਆਸ-ਪਾਸ ਦੇ ਇਲਾਕੇ ਵਿਚ ਮਤਦਾਨ 63 ਫ਼ੀਸਦੀ ਦੇ ਲਗਭਗ ਹੋਇਆ। ਮਤਦਾਨ ਸ਼ਾਂਤੀਪੂਰਵਕ ਨਾਲ ਨੇਪਰੇ ਚੜ੍ਹਿਆ। ਦੁਪਹਿਰ ਤੋਂ ਪਹਿਲਾਂ ਮਤਦਾਨ ਦੀ ਰਫ਼ਤਾਰ ਮੱਠੀ ਸੀ ਪਰ ਦੁਪਹਿਰ ਬਾਅਦ ਵੋਟਰ ਮਤਦਾਨ ਕੇਂਦਰਾਂ ਵੱਲ ਵਧੇ, ਜਿਸ ਨਾਲ ਵੋਟ ਦਰ ਵਿਚ ਵਾਧਾ ਹੋਇਆ। ਸਾਰੇ ਉਮੀਦਵਾਰ ਵਾਰ-ਵਾਰ ਮਤਦਾਨ ਕੇਂਦਰਾਂ ਦਾ ਦੌਰਾ ਕਰ ਰਹੇ ਸਨ। ਚੌਧਰੀ ਵਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵੱਡੀ ਲੀਡ ਨਾਲ ਜਿੱਤਣਗੇ।
ਫਿਲੌਰ, (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਫਿਲੌਰ ਵਿੱਚ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਸੰਪਨ ਹੋ ਗਿਆ। ਪ੍ਰਾਪਤ ਰਿਪੋਰਟਾਂ ਮੁਤਾਬਕ ਹਲਕੇ ਵਿੱਚ 62.3 ਫ਼ੀਸਦ ਵੋਟਾਂ ਪਈਆਂ।
ਫਤਹਿਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ 226 ਪੋਲਿੰਗ ਬੂਥਾਂ ’ਤੇ ਅਮਨ ਅਮਾਨ ਨਾਲ ਵੋਟਿੰਗ ਪ੍ਰਕਿਰਿਆ ਦਾ ਕੰਮ ਨੇਪਰੇ ਚੜ੍ਹਿਆ। ਹਲਕੇ ਵਿੱਚ ਕੁਲ 72 ਫ਼ੀਸਦ ਵੋਟਾਂ ਪੋਲ ਹੋਈਆਂ ਅਤੇ ਸ਼ਹਿਰ ਫਤਹਿਗੜ੍ਹ ਚੂੜੀਆਂ ਦੇ 16 ਬੂਥਾਂ ’ਤੇ 66.27 ਫ਼ੀਸਦ ਵੋਟਾਂ ਪਈਆਂ।
ਸ਼ਾਹਕੋਟ ਵਿੱਚ 67 ਫ਼ੀਸਦੀ ਪੋਲਿੰਗ ਹੋਈ
ਸ਼ਾਹਕੋਟ (ਪੱਤਰ ਪ੍ਰੇਰਕ): ਹਲਕਾ ਸ਼ਾਹਕੋਟ ਵਿੱਚ 67.06 ਫ਼ੀਸਦੀ ਪੋਲਿੰਗ ਹੋਈ। ਹਲਕੇ ਅੰਦਰ ਚੋਣਾਂ ਦਾ ਕੰਮ ਅਮਨ ਪੂਰਵਕ ਨੇਪਰੇ ਚੜ੍ਹ ਗਿਆ। ਚੋਣ ਰਿਟਰਨਿੰਗ ਅਫਸ਼ਰ ਲਾਲ ਵਿਸ਼ਵਾਸ ਬੈਂਸ ਨੇ ਦੱਸਿਆ ਕਿ ਹਲਕੇ ਵਿਚ 250 ਪੋਲਿੰਗ ਬੂਥ ਬਣਾਏ ਗਏ ਸਨ। ਇਨ੍ਹਾਂ ’ਚੋਂ 8 ਮਾਡਲ ਅਤੇ ਇਕ ਔਰਤਾਂ ਲਈ ਵਿਸ਼ੇਸ਼ ਬੂਥ ਬਣਾਇਆ ਗਿਆ। ਚੋਣ ਅਧਿਕਾਰੀ ਨੇ ਮਾਡਲ ਬੂਥਾਂ ਦਾ ਦੌਰਾ ਕਰਕੇ ਵੋਟਰਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਮਾਡਲ ਬੂਥਾਂ ’ਤੇ ਵੋਟਰਾਂ ਲਈ ਸੈਲਫੀ ਪੁਆਇੰਟ ਵੀ ਬਣਾਏ ਗਏ ਸਨ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਨੂੰ ਦਿੱਤੇ ਗਏ ਸਹਿਯੋਗ ਲਈ ਲਈ ਉਨ੍ਹਾਂ ਵੋਟਰਾਂ ਦਾ ਧੰਨਵਾਦ ਕੀਤਾ।
ਆਦਮਪੁਰ ਹਲਕੇ ਵਿੱਚ 62.8 ਫ਼ੀਸਦੀ ਵੋਟਾਂ ਪਈਆਂ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਆਦਮਪੁਰ ਵਿੱਚ 62.8 ਫ਼ੀਸਦੀ ਵੋਟਾਂ ਪਈਆਂ। ਹਲਕੇ ਵਿਚ ਕੁੱਲ 1,67,424 ਵੋਟਰ ਹਨ, ਜਿਨ੍ਹਾਂ ਵਿਚੋਂ 10,5,154 ਵੋਟਰਾਂ ਨੇ ਆਪਣੀ ਵੋਟ ਦੀ ਵਰਤੋ ਕੀਤੀ। ਹਲਕੇ ਦੇ ਕਈ ਪਿੰਡਾਂ ਵਿਚ 6 ਵਜੇ ਤੋਂ ਬਾਅਦ ਵੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਬੂਥ ਨੰਬਰ-128 ਵਿਚ ਵੋਟ ਪਾਈ। ਇਥੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ। ਪਹਿਲੀ ਵਾਰ ਵੋਟ ਦੀ ਵਰਤੋਂ ਕਰਨ ਵਾਲੇ ਵੋਟਰਾਂ ਨੂੰ ਸ਼ਲਾਘਾ ਪੱਤਰ ਵੀ ਦਿੱਤੇ ਗਏ।
ਹਲਕਾ ਬਾਬਾ ਬਕਾਲਾ ਸਾਹਿਬ ’ਚ ਕਰੀਬ 61.4 ਫ਼ੀਸਦ ਵੋਟਿੰਗ
ਰਈਆ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਵੋਟਾਂ ਪਾਉਣ ਦਾ ਕੰਮ ਅੱਜ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਇਥੇ 60 ਤੋਂ ਵੱਧ ਪੋਲ ਹੋਈ ਹੈ। ਇਕੱਲੇ ਬਾਬਾ ਬਕਾਲਾ ਵਿੱਚ ਲੱਗੇ 8 ਬੂਥਾਂ ’ਤੇ ਬੂਥ ਨੰਬਰ-53 ਵਿੱਚ 60 ਫ਼ੀਸਦ, ਬੂਥ 54 ਵਿੱਚ 52 ਫ਼ੀਸਦ, ਬੂਥ ਨੰਬਰ 55 ਵਿੱਚ 61 ਫ਼ੀਸਦ, ਬੂਥ ਨੰਬਰ 56 ਵਿੱਚ 56 ਫ਼ੀਸਦ, ਬੂਥ ਨੰਬਰ 57 ਵਿੱਚ 67 ਫ਼ੀਸਦ, ਬੂਥ ਨੰਬਰ 58 ਵਿੱਚ 57 ਫ਼ੀਸਦ ਅਤੇ ਬੂਥ 59 ਵਿੱਚ 54 ਫ਼ੀਸਦ ਅਤੇ ਬੂਥ ਨੰਬਰ 60 ਵਿੱਚ 56 ਫ਼ੀਸਦ ਵੋਟਾਂ ਪੋਲ ਹੋਈਆਂ ਹਨ।
ਹਲਕਾ ਦਸੂਹਾ ਦੇ 65 ਫ਼ੀਸਦ ਵੋਟਰਾਂ ਵੱਲੋਂ ਮਤਦਾਨ
ਦਸੂਹਾ (ਪੱਤਰ ਪ੍ਰੇਰਕ): ਇਥੇ ਵਿਧਾਨ ਸਭਾ ਹਲਕਾ ਦਸੂਹਾ ਵਿੱਚ ਵੋਟਾਂ ਪੈਣ ਦਾ ਅਮਲ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਸ਼ਾਮ 6 ਵਜੇ ਤੱਕ ਕਰੀਬ 65 ਫ਼ੀਸਦੀ ਵੋਟਰਾਂ ਨੇ 10 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਵਿੱਚ ਬੰਦ ਕਰ ਦਿੱਤੀ ਹੈ। 2017 ਦੀਆਂ ਚੋਣਾਂ ’ਚ 70 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ ਸੀ। ਮਤਦਾਨ ਪ੍ਰਤੀ ਸਵੇਰੇ ਤੋਂ ਹੀ ਹਰ ਉਮਰ ਵਰਗ ਦੇ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਿਨ ਚੜ੍ਹਦੇ ਇਹ ਉਤਸ਼ਾਹ ਹੋਣ ਵਧਣ ਨਾਲ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਚੋਣ ਅਮਲੇ ਵੱਲੋਂ ਵੋਟਰਾਂ ਨੂੰ ਬਕਾਇਦਾ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਏ ਗਏ। ਕਈ ਬੂਥਾਂ ’ਤੇ ਵੀਲ੍ਹ ਚੇਅਰਾਂ ਦੀ ਘਾਟ ਹੋਣ ਕਾਰਨ ਅਪਾਹਜ ਤੇ ਬਜ਼ੁਰਗ ਵੋਟਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।