ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਸਤੰਬਰ
ਮਾਡਲ ਟਾਊਨ ਵਿਚਲੀ ਸ਼ਮਸ਼ਾਨ ਘਾਟ ਦੇ ਨੇੜੇ ਲੱਗੇ ਕੂੜਾ ਡੰਪ ਨੂੰ ਚੁੱਕਣ ਲਈ ਇਲਾਕੇ ਦੇ ਲੋਕਾਂ ਨੇ ਅੱਜ ਸ਼ਾਮ ਨੂੰ ਹੱਥਾਂ ’ਚ ਮੋਮਬਤੀਆਂ ਫੜ ਕੇ ਮਾਰਚ ਕੀਤਾ। ਪਿਛਲੇ ਚਾਰ ਦਿਨਾਂ ਤੋਂ ਡੰਪ ਚੁੱਕਵਾਉਣ ਲਈ ਧਰਨੇ ’ਤੇ ਬੈਠੇ ਲੋਕਾਂ ਨੇ ਇਕਜੁੱਟ ਹੁੰਦਿਆਂ ਕਿਹਾ ਕਿ ਜਦੋਂ ਤੱਕ ਇੱਥੋਂ ਮੁਕੰਮਲ ਸਫ਼ਾਈ ਨਹੀਂ ਹੋ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ। ਕੂੜਾ ਦੇ ਡੰਪ ਨਾ ਚੁੱਕਣ ਕਾਰਨ ਲੋਕਾਂ ਨੂੰ ਸਮਸਿਆਵਾਂ ਆ ਰਹੀਆਂ ਹਨ ਤੇ ਇੱਥੇ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਇਥੋਂ ਆ ਰਹੀ ਬਦਬੂ ਕਾਰਨ ਨੇੜਲੇ ਘਰਾਂ ਵਿੱਚ ਲੋਕਾਂ ਨੂੰ ਦਿਕਤਾਂ ਆ ਰਹੀਆਂ ਹਨ।
ਐਕਸ਼ਨ ਕਮੇਟੀ ਦੇ ਸੱਦੇ ’ਤੇ ਕੂੜਾ ਡੰਪ ਵਾਲੀ ਥਾਂ ਪਹੁੰਚੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਮੌਕੇ ’ਤੇ ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੂੰ ਫੋਨ ਕਰ ਕੇ ਕੂੜਾ ਚੁੱਕਣ ਦੀਆਂ ਹਦਾਇਤਾਂ ਕੀਤੀਆਂ। ਸ੍ਰੀ ਸੀਚੇਵਾਲ ਨੇ ਕਿਹਾ ਕਿ ਕੋਈ ਅਧਿਕਾਰੀ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੀ ਕੋਈ ਆਗਿਆ ਨਹੀਂ ਦੇ ਸਕਦਾ। ਇਸ ਇਲਾਕੇ ਵਿੱਚ ਰਹਿੰਦੇ ਸਾਬਕਾ ਫ਼ੌਜੀਆਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ 104 ਕੂੜੇ ਦੇ ਟਿੱਪਰ ਚੁੱਕਵਾ ਚੁੱਕੇ ਹਨ ਅਤੇ ਹੁਣ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਇੱਥੋਂ ਧਰਨਾ ਚੁੱਕ ਲਵੋ ਨਹੀਂ ਤਾਂ ਸਖ਼ਤੀ ਵਰਤੀ ਜਾਵੇਗੀ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਦੇ ਹੱਥ ਵਿੱਚ ਤਖ਼ਤੀਆਂ ਫੜ ਕੇ ਡੰਪ ਚੁੁੱਕਣ ਦੀ ਮੰਗ ਕੀਤੀ।
ਦੁਕਾਨਦਾਰਾਂ ਵੱਲੋਂ ਨਿਗਮ ਖ਼ਿਲਾਫ਼ ਮੁਜ਼ਾਹਰਾ
ਫਗਵਾੜਾ (ਪੱਤਰ ਪ੍ਰੇਰਕ): ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪ੍ਰੇਸ਼ਾਨ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਨੇ ਅੱਜ ਨਗਰ ਨਿਗਮ ਖਿਲਾਫ਼ ਧਰਨਾ ਲਗਾ ਦਿੱਤਾ। ਗਊਸ਼ਾਲਾ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਨੇ ਦੱਸਿਆ ਕਿ ਗਊਸ਼ਾਲਾ ਬਾਜ਼ਾਰ ਵਿੱਚ ਲੰਬੇ ਸਮੇਂ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ। ਮੀਂਹ ਦੇ ਦਿਨਾਂ ਵਿੱਚ ਇਹ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਸਬੰਧ ਦੁਕਾਨਦਾਰਾਂ ਦੇ ਵਫ਼ਦ ਦੀ ਨਿਗਮ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ। ਉਨ੍ਹਾਂ ਨੇ ਜਲਦ ਹੱਲ ਦਾ ਭਰੋਸਾ ਦਿੱਤਾ ਸੀ ਜੋ ਪੂਰਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਕੱਠੇ ਹੋ ਕੇ ਨਿਗਮ ਅਧਿਕਾਰੀ ਕੋਲ ਗਏ ਤਾਂ ਉਨ੍ਹਾਂ ਨੇ ਇਹ ਕੰਮ ਸੀਵਰੇਜ ਬੋਰਡ ਦਾ ਹੋਣ ਬਾਰੇ ਆਖ ਕੇ ਕੰਮ ਤੋਂ ਜਵਾਬ ਦੇ ਦਿੱਤਾ। ਧਰਨੇ ਦੀ ਸੂਚਨਾ ਮਿਲਦਿਆਂ ਹੀ ‘ਆਪ’ ਦੇ ਸੂਬਾ ਜੁਆਇੰਟ ਸਕੱਤਰ ਨਿਰਮਲ ਸਿੰਘ, ਸੰਤੋਸ਼ ਕੁਮਾਰ ਗੋਗੀ, ਹਰਜਿੰਦਰ ਸਿੰਘ ਵਿਰਕ ਸਾਥੀਆਂ ਸਣੇ ਪੁੱਜੇ। ਉਨ੍ਹਾਂ ਐਸਡੀਓ ਸੀਵਰੇਜ ਬੋਰਡ ਰਾਜਵਿੰਦਰ ਸਿੰਘ ਨੂੰ ਨਾਲ ਲੈ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਮਸ਼ੀਨਰੀ ਮੰਗਵਾ ਕੇ ਸਫ਼ਾਈ ਦਾ ਕੰਮ ਚਾਲੂ ਕਰਵਾ ਦਿੱਤਾ। ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।