ਪੱਤਰ ਪ੍ਰੇਰਕ
ਭੋਗਪੁਰ, 22 ਅਕਤੂਬਰ
ਕੌਮੀ ਮਾਰਗ ’ਤੇ ਸਥਿਤ ਮੋੜ ਪਿੰਡ-ਗੜੀਬਖਸਾ ਨਜ਼ਦੀਕ ਟਰੱਕ ਅਤੇ ਕਾਰ ਦੀ ਟੱਕਰ ਕਾਰਨ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮੇਸ਼ ਕੁਮਾਰ ਪੁੱਤਰ ਚੰਨਣ ਸਿੰਘ ਵਾਸੀ ਭਾਲੋਹ ਥਾਣਾ ਅਤੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਪਚਰੰਗਾ ਜ਼ਿਲ੍ਹਾ ਜਲੰਧਰ ਆਪਣੀ ਅਲਟੋ ਕਾਰ (ਪੀਬੀ-08-ਕੇਪੀ-9271) ਵਿੱਚ ਰਾਤ ਨੂੰ ਜਲੰਧਰ ਤੋਂ ਪਚਰੰਗਾ ਸਥਿਤ ਆਪਣੀ ਹਲਵਾਈ ਦੀ ਦੁਕਾਨ ਨੂੰ ਆ ਰਿਹਾ ਸੀ। ਕੌਮੀ ਮਾਰਗ ’ਤੇ ਉਸ ਦੀ ਕਾਰ ਇੱਕ ਟਰੱਕ (ਜੇਕੇ -02-ਏਐਸ-5795) ਪਿੱਛੇ ਜਾ ਰਹੀ ਸੀ ਪਰ ਜਦੋਂ ਟਰੱਕ ਪਿੰਡ ਗੜੀਬਖਸਾ ਮੋੜ ਨਜ਼ਦੀਕ ਪਹੁੰਚਿਆ ਤਾਂ ਟਰੱਕ ਡਰਾJhਵਰ ਅਸ਼ੋਕ ਕੁਮਾਰ ਨੇ ਇੱਕਦਮ ਟਰੱਕ ਨੂੰ ਬਰੇਕ ਮਾਰੀ ਤਾਂ ਹਰਮੇਸ਼ ਕੁਮਾਰ ਦੀ ਕਾਰ ਸਿੱਧੀ ਟਰੱਕ ਦੇ ਪਿੱਛੇ ਜਾ ਵੱਜੀ ਜਿਸ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਭੋਗਪੁਰ ਅਧੀਨ ਪੈਂਦੀ ਪੁਲੀਸ ਚੌਕੀ ਪਚਰੰਗਾ ਦੇ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਹਰਮੇਸ਼ ਕੁਮਾਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਅਤੇ ਪੁਲੀਸ ਚੌਕੀ ਵਿੱਚ ਟਰੱਕ ਡਰਾਈਵਰ ਅਸ਼ੋਕ ਕੁਮਾਰ ਨੂੰ ਮੌਕੇ ’ਤੇ ਹੀ ਗਿਫ਼ਤਾਰ ਕਰਕੇ ਉਸ ਵਿਰੁੱਧ ਧਾਰਾ 279,304,427 ਆਈਪੀਸੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।
ਬੱਸ ਨੇ ਕਾਰ ਨੂੰ ਮਾਰੀ ਫੇਟ, ਲੋਕਾਂ ਨੇ ਦਿੱਤਾ ਧਰਨਾ
ਤਰਨ ਤਾਰਨ (ਪੱਤਰ ਪ੍ਰੇਰਕ) ਇਥੋਂ ਦੇ ਬਾਈਪਾਸ ਤੇ ਕੱਕਾ ਕੰਡਿਆਲਾ ਪਿੰਡ ਦੇ ਰੇਵਲੇ ਫਾਟਕ ਕੋਲ ਅੱਜ ਪੰਜਾਬ ਰੋਡਵੇਜ਼ ਪੱਟੀ ਦੀ ਬੱਸ ਵੱਲੋਂ ਆਪਣੇ ਤੋਂ ਅੱਗੇ ਜਾਂਦੀ ਇਕ ਇਨੋਵਾ ਕਾਰ ਨੂੰ ਫੇਟ ਮਾਰ ਦੇਣ ਖ਼ਿਲਾਫ਼ ਲੋਕਾਂ ਵੱਲੋਂ ਸੜਕ ’ਤੇ ਧਰਨਾ ਦੇਣ ਕਰਕੇ ਆਵਾਜਾਈ ਠੱਪ ਹੋ ਗਈ। ਇਸ ਸਬੰਧੀ ਪ੍ਰਸ਼ਾਸਨ ਨੂੰ ਬੱਸਾਂ ਆਦਿ ਵਾਹਨਾਂ ਦੇ ਆਉਣ ਜਾਣ ਲਈ ਭਾਵੇਂ ਬਦਲਵੇਂ ਬੰਦੋਬਸਤ ਕੀਤੇ ਪਰ ਇਸ ਸਬੰਧੀ ਆਮ ਲੋਕਾਂ ਨੂੰ ਕੋਈ ਜਾਣਕਾਰੀ ਨਾ ਦੇਣ ਕਾਰਨ ਇਥੋਂ ਦੇ ਬੱਸ ਅੱਡੇ ਤੇ ਚਾਰ ਚੁਫੇਰੇ ਬੱਸਾਂ ਲੈਣ ਲਈ ਖੜ੍ਹੇ ਰਹਿੰਦੇ ਮੁਸਾਫਰਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ| ਥਾਣਾ ਸਿਟੀ ਤਰਨ ਤਾਰਨ ਦੇ ਪੁਲੀਸ ਅਧਿਕਾਰੀ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵੱਲੋਂ ਆ ਰਹੀ ਇਕ ਪੰਜਾਬ ਰੋਡਵੇਜ਼ ਪੱਟੀ ਦੀ ਬੱਸ ਨੰਬਰ ਪੀਬੀ-02, 9427 ਦੇ ਡਰਾਈਵਰ ਵੱਲੋਂ ਕੱਕਾ ਕੰਡਿਆਲਾ ਦੇ ਫਾਟਕ ਤੇ ਆਪਣੇ ਤੋਂ ਅੱਗੇ ਜਾਂਦੀ ਕਾਰ ਨੰਬਰ (ਸੀਐਚ-01, ਸੀਐਫ਼-6741) ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇਕ ਪਾਸੇ ਤੋਂ ਕਾਰ ਨਾਲ ਖਹਿ ਗਈ। ਇਸ ਨਾਲ ਕਾਰ ਦਾ ਨੁਕਸਾਨ ਹੋ ਗਿਆ। ਇਸ ਤੋਂ ਦੋਹਾਂ ਧਿਰਾਂ ਵਿਚਾਲੇ ਤਕਰਾਰ ਵਧ ਗਿਆ| ਕਾਰ ਚਾਲਕ ਦੇ ਸਮਰਥਕਾਂ ਨੇ ਸੜਕ ’ਤੇ ਧਰਨਾ ਦੇ ਦਿੱਤਾ। ਥਾਣਾ ਸਿਟੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ| ਰੋਡਵੇਜ਼ ਬੱਸ ਦੇ ਡਰਾਈਵਰ ਨੇ ਕਾਰ ਚਾਲਕ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਮੰਨਿਆ ਤਾਂ ਦੋ ਘੰਟਿਆਂ ਬਾਅਦ ਧਰਨਾ ਚੁੱਕ ਲੈਣ ਤੇ ਆਵਾਜਾਈ ਬਹਾਲ ਕੀਤੀ ਜਾ ਸਕੀ| ਥਾਣਾ ਮੁੱਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਨਾਲ ਸਥਿਤੀ ਸ਼ਾਂਤਮਈ ਢੰਗ ਨਾਲ ਨਿਪਟਾ ਲਈ ਗਈ।