ਲਾਜਵੰਤ ਸਿੰਘ
ਨਵਾਂਸ਼ਹਿਰ, 1 ਜੁਲਾਈ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਨੇ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡ ਖ਼ਿਲਾਫ਼ ਅੱਜ ਕਾਲਾ ਦਿਵਸ ਮਨਾਉਂਦਿਆਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਕੇਂਦਰ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਚਾਰ ਲੇਬਰ ਕੋਡ ਪਹਿਲੀ ਜੁਲਾਈ 2022 ਤੋਂ ਲਾਗੂ ਕੀਤੇ ਜਾਣਗੇ। ਇਫਟੂ ਵਲੋਂ ਕਿਰਤ ਕੋਡ ਰੱਦ ਕਰਨ ਲਈ ਪ੍ਰਧਾਨ ਮੰਤਰੀ ਦੇ ਨਾਂਅ ਅਤੇ ਦੂਜਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ। ਇਸ ਤੋਂ ਪਹਿਲਾਂ ਸਥਾਨਕ ਆਟੋ ਸਟੈਂਡ ’ਤੇ ਰੈਲੀ ਕੀਤੀ ਗਈ ਜਿਸਨੂੰ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾਈ ਆਗੂ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਗੁਰਦਿਆਲ ਰੱਕੜ, ਆਟੋ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕੁਮਾਰ, ਪਰਵਾਸੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ, ਸ਼ਿਵ ਨੰਦਨ, ਓਮ ਪ੍ਰਕਾਸ਼, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਹਰੀ ਲਾਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਮਜ਼ਦੂਰ ਜਮਾਤ ਵਿੱਚ ਇਨ੍ਹਾਂ ਕੋਡ ਪ੍ਰਤੀ ਭਾਰੀ ਬੇਚੈਨੀ ਅਤੇ ਗੁੱਸਾ ਹੈ ਜਿਨ੍ਹਾਂ ਰਾਹੀਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਲਈ ਅਮਲ ਕਰਨ ਵਾਲੀ ਸਮੁੱਚੀ ਮਸ਼ੀਨਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਕੋਡ ਨੌਕਰੀਆਂ, ਅਧਿਕਾਰਾਂ ਅਤੇ ਉਜਰਤਾਂ ਦੀ ਰੱਖਿਆ ਲਈ ਇਕੱਠ ਕਰਨ ਅਤੇ ਸੰਘਰਸ਼ ਕਰਨ ਦੇ ਅਧਿਕਾਰ ’ਤੇ ਵੱਡਾ ਹਮਲਾ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ‘ਆਪ’ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇ ਚਾਰ ਕਿਰਤ ਕੋਡ ਸੂਬੇ ਵਿੱਚ ਲਾਗੂ ਨਾ ਕਰਨ ਦਾ ਮਤਾ ਪਾਸ ਕਰੇ।