ਪਾਲ ਸਿੰਘ ਨੌਲੀ
ਜਲੰਧਰ, 29 ਜੁਲਾਈ
ਟੋਕੀਓ ਓਲੰਪਿਕ ਵਿਚ ਹਾਕੀ ਭਾਰਤੀ ਟੀਮ ਵਿਚ ਜਲੰਧਰ ਦੇ ਖਿਡਾਰੀ ਵਰੁਣ ਕੁਮਾਰ ਨੇ ਅਰਜਨਟੀਨਾ ਵਿਰੁੱਧ ਗੋਲ ਕਰਕੇ ਜਲੰਧਰ ਦਾ ਨਾਂ ਦੁਨੀਆਂ ਦੇ ਨਕਸ਼ੇ ’ਤੇ ਲੈ ਆਂਦਾ ਹੈ। ਮਿੱਠਾਪੁਰ ਦੇ ਤਿੰਨ ਖਿਡਾਰੀ ਟੋਕੀਓ ਓਲੰਪਿਕ ਵਿਚ ਗਈ ਭਾਰਤੀ ਹਾਕੀ ਟੀਮ ’ਚ ਸ਼ਾਮਲ ਹਨ। ਵਰੁਣ ਕੁਮਾਰ ਵੱਲੋਂ ਗੋਲ ਕੀਤੇ ਜਾਣ ’ਤੇ ਹਾਕੀ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਵਰੁਣ ਕੁਮਾਰ ਦੀ ਮਾਤਾ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਜਦੋਂ ਉਸ ਦੇ ਪੁੱਤਰ ਨੇ ਅਰਜਨਟੀਨਾ ਵਿਰੁੱਧ ਦੇਸ਼ ਵੱਲੋਂ ਗੋਲ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਵਰੁਣ ਕੁਮਾਰ ਨੂੰ ਵਾਧੂ ਖਿਡਾਰੀਆਂ ਵਿਚ ਰੱਖਿਆ ਗਿਆ ਸੀ ਤੇ ਉਸ ਨੂੰ ਅੱਜ ਅਰਜਨਟੀਨਾ ਵਿਰੁੱਧ ਮੈਦਾਨ ਵਿਚ ਉਤਾਰਿਆ ਗਿਆ ਸੀ। ਵਰੁਣ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਵਰੁਣ ਕੁਮਾਰ ਹਾਕੀ ਖੇਡਦਾ ਰਿਹਾ ਹੈ। ਸੱਤਵੀਂ ਵਿਚ ਪੜ੍ਹਦਿਆਂ ਵਰੁਣ ਕੁਮਾਰ ਸੁਰਜੀਤ ਹਾਕੀ ਅਕੈਡਮੀ ਦਾ ਹਿੱਸਾ ਬਣ ਗਿਆ ਸੀ।