ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 11 ਅਕਤੂਬਰ
‘ਪੈਦਾ ਹੋਏ ਖੇਤੀ ਸੰਕਟ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ।’ ਇਹ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਅਰਥ ਵਿਗਿਆਨ ਦੇ ਪ੍ਰੋਫੈਸਰ ਡਾ. ਗਿਆਨ ਸਿੰਘ ਨੇ ਕਿਸਾਨ ਕੋਲਡ ਸਟੋਰ ਮਲਸੀਆਂ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਸ਼ਾਹਕੋਟ ਵੱਲੋਂ ਖੇਤੀਬਾੜੀ ਸੰਕਟ ਅਤੇ ਉਸ ਦੇ ਸੰਭਾਵੀ ਹੱਲ ਵਿਸ਼ੇ ਉੱਪਰ ਕਰਵਾਈ ਗਈ ਵਿਚਾਰ ਚਰਚਾ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਸ਼ੀਨਰੀਕਰਨ ਨੇ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲਿਆ। ਕੀਟਨਾਸ਼ਕ ਦਵਾਈਆਂ ਨੇ ਧਰਤੀ, ਪਾਣੀ, ਹਵਾ ਅਤੇ ਚੌਗਿਰਦੇ ਨੂੰ ਪਲੀਤ ਕਰ ਦਿੱਤਾ ਹੈ। ਖੇਤੀ ਨਾਲ ਜੁੜੇ ਸਮਾਜ ਨੂੰ ਆਰਥਿਕ ਸੰਕਟ ਵਿੱਚੋ ਕੱਢਣ ਲਈ ਰੁਜ਼ਗਾਰ ਵਸੀਲੇ ਪੈਦਾ ਨਾ ਕੀਤੇ ਜਾਣ ਕਾਰਨ ਇਸ ਦੀ ਮਾਰ ਸਭ ਤੋਂ ਵੱਧ ਖੇਤ ਮਜ਼ਦੂਰਾਂ ਨੂੰ ਪਈ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਕਾਮਯਾਬ ਕੀਤੇ ਜਾਣ ਨਾਲ ਹੀ ਕਿਰਤੀਆਂ ਦਾ ਜੀਵਨ ਬਚ ਸਕਦਾ ਹੈ। ਵਿਚਾਰ ਚਰਚਾ ਵਿਚ ਹਾਜ਼ਰੀਨ ਵੱਲੋਂ ਉਠਾਏ ਗਏ ਸੁਆਲਾਂ ਦੇ ਜਵਾਬ ਵੀ ਪ੍ਰੋਫੈਸਰ ਵੱਲੋਂ ਦਿੱਤੇ ਗਏ।
ਕਿਸਾਨ ਜਥੇਬੰਦੀਆਂ ਨੇ ਇਕਾਈਆਂ ਬਣਾਈਆਂ
ਸ਼ਾਹਕੋਟ (ਪੱਤਰ ਪ੍ਰੇਰਕ): ਇਲਾਕੇ ਅੰਦਰ ਕੰਮ ਕਰਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਪਿੰਡਾਂ ਵਿਚ ਇਕਾਈਆਂ ਬਣਾ ਕੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਹਿਤਪੁਰ ਬਲਾਕ ਦੀ ਚੋਣ ਕਰਕੇ ਜਸਪਾਲ ਸਿੰਘ ਸੰਧਾਲੀਆ ਨੂੰ ਪ੍ਰਧਾਨ, ਬਲਦੇਵ ਸਿੰਘ ਟੁਰਨਾ ਨੂੰ ਸਕੱਤਰ, ਜਗਪ੍ਰੀਤ ਸਿੰਘ ਨੂੰ ਵਿੱਤ ਸਕੱਤਰ, ਗੁਰਭੇਜ ਸਿੰਘ ਪੱਡਾ ਚੁਣਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਸੀਹੋਵਾਲ ਵਿਚ ਉਸਾਰੀ ਇਕਾਈ ਵਿਚ ਜਰਨੈਲ ਸਿੰਘ ਨੂੰ ਪ੍ਰਧਾਨ, ਦਲਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਗੁਰਦਿੱਤ ਸਿੰਘ ਨੂੰ ਮੀਤ ਪ੍ਰਧਾਨ,ਹਰਭਜਨ ਸਿੰਘ ਨੂੰ ਸਕੱਤਰ ਚੁਣਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਫਾਜਿਲਵਾਲ ਵਿਚ ਦਲਬੀਰ ਸਿੰਘ ਨੂੰ ਪ੍ਰਧਾਨ ਬਣਾਇਆ। ਪਿੰਡ ਸਾਂਦ ਵਿਚ ਜਸਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ।