ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 5 ਸਤੰਬਰ
ਪਿੰਡ ਰਾਮਗੜ੍ਹ ਵਿੱਚ ਬੱਬਰ ਲਹਿਰ ਦੇ ਮਹਾਨ ਸ਼ਹੀਦ ਬੱਬਰ ਉਦੈ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮਲਕੀਤ ਸਿੰਘ ਪੁਖਰਾਲੀ ਦੇ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਅਤੇ ਪਹੁੰਚੇ ਕਿਸਾਨ ਆਗੂਆਂ ਨੇ ਵਿਚਾਰ ਪੇਸ਼ ਕੀਤੇ।
ਦੱਸਣਯੋਗ ਹੈ ਕਿ ਬੱਬਰ ਉਦੈ ਸਿੰਘ ਆਪਣੇ ਤਿੰਨ ਸਾਥੀਆਂ ਕਰਮ ਸਿੰਘ ਦੌਲਤਪੁਰ, ਮਹਿੰਦਰ ਸਿੰਘ ਮਾਂਗਟ ਤੇ ਬਿਸ਼ਨ ਸਿੰਘ ਪੰਡੋਰੀ ਗੰਗਾ ਸਿੰਘ ਸਮੇਤ 1 ਸਤੰਬਰ 1923 ਨੂੰ ਪਿੰਡ ਬੰਬੇਲੀ ਨੇੜੇ ਫਗਵਾੜਾ ਵਿੱਚ ਅੰਗਰੇਜ਼ ਪੁਲੀਸ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਜਗਤਾਰ ਸਿੰਘ ਭਿੰਡਰ, ਸਤਨਾਮ ਸਿੰਘ ਤੇ ਰਾਮ ਜੀਤ ਸਿੰਘ ਸਰਪੰਚ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਦਿਆਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵੱਲ ਵਹੀਰਾਂ ਘੱਤਣ ਦਾ ਸੱਦਾ ਦਿੱਤਾ। ਇਸ ਮੌਕੇ ਜੁਝਾਰ ਸਿੰਘ, ਮੇਜਰ ਸਿੰਘ, ਸੋਢੀ ਸਿੰਘ, ਜਗਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।