ਪੱਤਰ ਪ੍ਰੇਰਕ
ਗੜ੍ਹਸ਼ੰਕਰ, 23 ਅਪਰੈਲ
ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਕਸਬਾ ਮਾਹਿਲਪੁਰ ਕੋਲ ਸਥਿਤ ਦੋਆਬਾ ਪਬਲਿਕ ਸਕੂਲ ਦੋਹਲਰੋਂ ਦੇ ਪ੍ਰਬੰਧਕਾਂ ਉੱਤੇ ਕਰੋਨਾ ਕਾਲ ਵਿੱਚ ਵੱਧ ਫੀਸ ਵਸੂਲਣ ਦੇ ਮਾਮਲੇ ’ਚ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਦੋ ਘੰਟੇ ਲਈ ਆਵਾਜਾਈ ਠੱਪ ਰੱਖੀ ਗਈ। ਸਥਿਤੀ ਉਦੋਂ ਹੋਰ ਤਣਾਅ ਪੂਰਨ ਹੋ ਗਈ ਜਦੋਂ ਸਕੂਲ ਦਾ ਸਟਾਫ ਅਤ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੋ ਗਏ ਅਤੇ ਪੁਲੀਸ ਨੇ ਬੜੀ ਮੁਸ਼ਕਿਲ ਨਾਲ ਸਥਿਤੀ ’ਤੇ ਕਾਬੂ ਪਾਇਆ। ਇਸ ਮੌਕੇ ਮਾਪਿਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ ਦੂਜੇ ਪਾਸੇ ਸਕੂਲ ਪ੍ਰਬੰਧਕਾਂ ਵੱਲੋਂ ਟਰਾਂਸਪੋਰਟ ਚਾਰਜ ਸਮੇਤ ਹੋਰ ਵਾਧੂ ਖਰਚੇ ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਵੇਲੇ ਦੀ ਸਮੁੱਚੀ ਫੀਸ ਮੁਆਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਸਿਆਸੀ ਪਾਰਟੀ ਦੇ ਵਰਕਰਾਂ ਨੇ ਅੱਜ ਸਕੂਲ ਸਾਹਮਣੇ ਪ੍ਰਦਰਸ਼ਨ ਦੀ ਧਮਕੀ ਦਿੱਤੀ ਸੀ ਅਤੇ ਇਹ ਪ੍ਰਦਰਸ਼ਦਕਾਰੀ ਵਿਦਿਆਰਥੀਆਂ ਦੇ ਮਾਪੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਈ ਵਾਧੂ ਫੀਸ ਨਹੀਂ ਵਸੂਲੀ ਜਾ ਰਹੀ ਜਦ ਕਿ ਖੇਤਰ ਦੇ ਕੁੱਝ ਅਖੌਤੀ ਸਿਆਸੀ ਆਗੂਆਂ ਵੱਲੋਂ ਸਕੂਲ ਦੀ ਪ੍ਰਸਿੱਧੀ ਤੋਂ ਈਰਖਾ ਕਰਕੇ ਇਸ ਸੰਸਥਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਮਲਾ ਵਿਗੜਦਾ ਦੇਖ ਕੇ ਐੱਸਐੱਚਓ ਚੱਬੇਵਾਲ ਪ੍ਰਦੀਪ ਕੁਮਾਰ ਅਤੇ ਐੱਸਐੱਚਓ ਇਕਬਾਲ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਦੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਵਾ ਕੇ ਮਾਮਲਾ ਸ਼ਾਂਤ ਕੀਤਾ। ਇਸ ਮੌਕੇ ਆਵਾਜਾਈ ਠੱਪ ਹੋਣ ਨਾਲ ਦੋ ਘੰਟੇ ਲਈ ਮੁੱਖ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।