ਗੁਰਦੇਵ ਸਿੰਘ ਗਹੂੰਣ
ਬਲਾਚੌਰ, 22 ਜਨਵਰੀ
ਕਾਂਗਰਸ ਪਾਰਟੀ ਵਲੋਂ ਅੱਜ ਬਲਾਚੌਰ ’ਚ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਵਿੱਚ ਵਰਕਰ ਮੀਟਿੰਗ ਦੇ ਨਾਂ ’ਤੇ ਸਮੁੱਚੇ ਇਲਾਕੇ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਠ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ 2 ਵਜੇ ਪਹੁੰਚਣ ਦਾ ਪ੍ਰੋਗਰਾਮ ਸੀ। ਮੁੱਖ ਮੰਤਰੀ ਢਾਈ ਘੰਟੇ ਪੱਛੜ ਕੇ ਸਾਢੇ 4 ਵਜੇ ਪਹੁੰਚੇ, ਪਰ ਸਟੇਜ ਉੱਤੇ ਜਾਣ ਦੀ ਥਾਂ ਉਨ੍ਹਾਂ ਪੰਡਾਲ ਦੇ ਚਾਰ-ਚੁਫੇਰੇ ਗੇੜਾ ਲਾਇਆ ਤੇ ਪੰਡਾਲ ਵਿੱਚ ਬੈਠੇ ਵਰਕਰਾਂ ਨੂੰ ਹੱਥ ਜੋੜ ਕੇ ਮਿਲਦੇ ਹੋਏ ਗੱਡੀ ਵਿੱਚ ਬੈਠ ਕੇ ਚਲੇ ਗਏ। ਚੌਧਰੀ ਦਰਸ਼ਨ ਲਾਲ ਮੰਗੂਪੁਰ ਤੋਂ ਇਲਾਵਾ ਇਲਾਕੇ ਦੇ ਸਮੂਹ ਕਾਂਗਰਸੀ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਦੇ ਜਾਣ ਮਗਰੋਂ ਕਾਂਗਰਸੀ ਆਗੂ ਅਜੈ ਕੁਮਾਰ ਮੰਗੂਪੁਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਕੋਵਿਡ ਬੰਦਿਸ਼ਾਂ ਕਾਰਨ ਮੁੱਖ ਮੰਤਰੀ ਸੰਬੋਧਨ ਨਹੀਂ ਕਰ ਸਕੇ ਹਨ ਅਤੇ ਵਾਪਸ ਚਲੇ ਗਏ ਹਨ।