ਪਾਲ ਸਿੰਘ ਨੌਲੀ
ਜਲੰਧਰ, 29 ਮਈ
ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੇ ਉਮੀਦਵਾਰ ਚੋਣਾਂ ਵਿੱਚ ਚੁਣਦੀ ਹੈ ਜੋ ਹਰ ਸਮੇਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਾਜ਼ਰ ਰਹਿਣ ਜਦਕਿ ਕਾਂਗਰਸ ਵੱਲੋਂ ਜਲੰਧਰ ਲੋਕ ਸਭਾ ਹਲਕੇ ਲਈ ਪੈਰਾਸ਼ੂਟ ਰਾਹੀਂ ਲਿਆਂਦਾ ਉਮੀਦਵਾਰ ਤਾਂ ਇਸ ਹਲਕੇ ਦੇ ਪਿੰਡਾਂ ਦੇ ਨਾਂ ਤੱਕ ਨਹੀਂ ਜਾਣਦਾ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਜਿਹੜੇ ਪੈਰਾਸ਼ੂਟ ਰਾਹੀਂ ਚੰਨੀ ਜਲੰਧਰ ਵੋਟਾਂ ਵਟੋਰਨ ਲਈ ਆਏ ਹਨ, ਉਸੇ ਰਾਹੀਂ ਲੋਕ ਉਨ੍ਹਾਂ ਨੂੰ ਬੇਰੰਗ ਭੇਜਣਗੇ ਤੇ ਉਹ ਚਾਰ ਜੂਨ ਨੂੰ ਸਿੱਧਾ ਮੋਰਿੰਡਾ ਹੀ ਲੈਂਡ ਕਰਨਗੇ। ਪਵਨ ਟੀਨੂੰ ਨੇ ਕਿਹਾ ਕਿ ਪਹਿਲੀ ਜੂਨ ਦੀ ਸ਼ਾਮ 6 ਵਜੇ ਤੱਕ ਸਾਰੇ ਬੂਥਾਂ ’ਤੇ ਪਹਿਰੇਦਾਰੀ ਕਰਨੀ ਹੈ। ਉਨ੍ਹਾਂ ਵੱਲੋਂ ਅੱਜ ਪਿੰਡ ਤੱਲ੍ਹਣ, ਕੋਟਲੀ ਥਾਨ ਸਿੰਘ, ਨੰਗਲ ਫਤਿਹ ਖਾਂ, ਕਪੂਰ ਪਿੰਡ, ਜੈਤੇਵਾਲੀ, ਬੁੱਢਿਆਣਾ ਅਤੇ ਭੋਗਪੁਰ ਤੇ ਹੋਰਨਾਂ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਫੇਰ ਤੋਂ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣਗੇ।