ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਅਕਤੂਬਰ
ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੇਹੜੀ ਤੇ ਫ਼ੜ੍ਹੀਆਂ ’ਤੇ ਵਿਕਣ ਵਾਲੇ ਖਾਧ ਪਦਾਰਥਾਂ ਦੀ ਚੈਕਿੰਗ ਕੀਤੀ। ਟੀਮ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵਤਾ, ਸਾਫ਼ ਸਫ਼ਾਈ ਅਤੇ ਫ਼ੂਡ ਸੇਫ਼ਟੀ ਤਹਿਤ ਰਜਿਸਟ੍ਰੇਸ਼ਨ ਚੈੱਕ ਕੀਤੀ।
ਐਕਟ ਦੀ ਉਲੰਘਣਾ ਕਰਨ ਵਾਲੇ ਰੇਹੜੀ ਵਿਕਰੇਤਾਵਾਂ ਦੇ ਸਾਮਾਨ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਸਿਹਤ ਅਧਿਕਾਰੀ ਨੇ ਕਿਹਾ ਕਿ ਫ਼ਾਸਟ ਫ਼ੂਡ ਅਤੇ ਗੋਲ ਗੱਪੇ ਦੀ ਚਟਨੀ ਆਦਿ ਨੂੰ ਬਣਾਉਣ ਲਈ ਵੱਧ ਮਿਕਦਾਰ ਵਿੱਚ ਵਰਤੇ ਜਾਂਦੇ ਰੰਗ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਫ਼ੂਡ ਸੇਫਟੀ ਐਕਟ ਤਹਿਤ ਹੋਟਲਾਂ, ਰੈਸਤਰਾਂ ਆਦਿ ਦੀਆਂ ਰਸੋਈਆਂ ਵਿੱਚ ਸਾਫ਼ ਸਫ਼ਾਈ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਹਲਵਾਈਆਂ ਦੀਆਂ ਦੁਕਾਨਾਂ ’ਤੇ ਖਾਧ ਪਦਾਰਥਾਂ ਦੀ ਪੈਕਿੰਗ ’ਤੇ ਹੁਣ ਮਿਆਦ ਦੀ ਮਿਤੀ ਨੂੰ ਦਰਸਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਜ਼ਿਲ੍ਹਾ ਵਾਸੀਆਂ ਨੂੰ ਸਾਫ਼ ਸੁਥਰਾ ਤੇ ਸ਼ੁੱਧ ਭੋਜਨ ਮੁਹੱਈਆ ਕਰਵਾਉਣਾ ਹੈ ਅਤੇ ਉਸ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਕਿਸੇ ਕੀਮਤ ’ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖਤੀ ਨਾਲ ਨਿਪਟਿਆ ਜਾਵੇਗਾ। ਟੀਮ ਵਿੱਚ ਫ਼ੂਡ ਸੇਫ਼ਟੀ ਅਫ਼ਸਰ ਹਰਦੀਪ ਸਿੰਘ, ਰਾਮ ਲੁਭਾਇਆ, ਅਸ਼ੋਕ ਕੁਮਾਰ, ਗੁਰਵਿੰਦਰ ਸ਼ਾਨੇ ਆਦਿ ਸ਼ਾਮਿਲ ਸਨ।