ਪਾਲ ਸਿੰਘ ਨੌਲੀ
ਜਲੰਧਰ, 15 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਆਬੇ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਬਿਗਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵਜਾਉਂਦਿਆਂ ਦਿਲ ਖੋਲ੍ਹ ਕੇ ਗ੍ਰਾਂਟਾਂ ਦੇ ਗੱਫੇ ਦਿੱਤੇ ਹਨ। ਸ੍ਰੀ ਚੰਨੀ ਨੇ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਮਹਿੰਦਰ ਸਿੰਘ ਕੇਪੀ ਵੱਲੋਂ ਕੀਤੀਆਂ ਮੰਗਾਂ ’ਤੇ ਫੁੱਲ ਚੜ੍ਹਾਏ। ਆਦਮਪੁਰ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਦੀ ਰੱਖੀ ਗਈ ਮੰਗ ਦੇ ਜਵਾਬ ਵਿਚ ਮੁੱਖ ਮੰਤਰੀ ਚੰਨੀ ਨੇ ਇਸ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਛੇਤੀ ਹੀ ਸਰਵੇਖਣ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਵੱਡੀ ਸੜਕ ਨਾਲ 5-10 ਏਕੜ ਜ਼ਮੀਨ ਦੀ ਵਿਵਸਥਾ ਹੋਣ ’ਤੇ ਆਦਮਪੁਰ ਵਿਚ ਡਿਗਰੀ ਕਾਲਜ ਖੋਲ੍ਹਣ ਦੀ ਮੰਗ ਮੰਨਣ ਲਈ ਤਿਆਰ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇਕ ਹੋਰ ਮੰਗ ਦੇ ਜਵਾਬ ਵਿਚ ਕਿਹਾ ਕਿ ਕਸ਼ੱਤਰੀਆ ਰਾਜਪੂਤਾਂ ਨੂੰ ਮੁੜ ਜਨਰਲ ਕੈਟੇਗਰੀ ਦਾ ਦਰਜਾ ਦਿੱਤਾ ਜਾਵੇਗਾ। ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੁਣ ‘ਲੋਹ ਪੁਰਸ਼’ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਨੇ ਖ਼ੁਲਾਸਾ ਕੀਤਾ ਕਿ ਅੱਜ ਆਦਮਪੁਰ ਵਿਚ 130 ਕਰੋੜ ਰੁਪਏ ਵਿਕਾਸ ਕੰਮਾਂ ਦੀ ਸ਼ੁਰੂਆਤ ਕਰ ਕੇ ਮੁੱਖ ਮੰਤਰੀ ਨੇ ਖੁਸ਼ਹਾਲੀ ਦੀ ਹਵਾ ਦਾ ਮੁੱਢ ਬੰਨ੍ਹਿਆ।
ਐਸਓਆਈ ਵੱਲੋਂ ਰੋਸ ਪ੍ਰਦਰਸ਼ਨ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਦਮਪੁਰ ਫੇਰੀ ਦੌਰਾਨ ਐਸਓਆਈ ਵੱਲੋਂ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਸਓਆਈ ਦੇ ਪ੍ਰਧਾਨ ਅੰਮ੍ਰਿਤ ਪਾਲ ਡੱਲੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ 2017 ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ।