ਜਲੰਧਰ (ਨਿੱਜੀ ਪੱਤਰ ਪ੍ਰੇਰਕ) ਨਸ਼ਾ ਛੁਡਾੳ ਕੇਂਦਰ ਵਿੱਚ ਕੁੱਟਮਾਰ ਨਾਲ ਹੋਈ ਨੌਜਵਾਨ ਦੀ ਮੌਤ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਆਈਜੀ ਰੇਂਜ਼ ਜਲੰਧਰ ਨੂੰ ਨੋਟਿਸ ਜਾਰੀ ਕਰਦਿਆਂ 20 ਅਗਸਤ 2021 ਨੂੰ ਕੇਸ ਦੀ ਸਟੇਟਸ ਰਿਪੋਰਟ ‘ਤਲਬ’ ਕਰ ਲਈ ਗਈ ਹੈ। ਵਿਧਵਾ ਬਲਬੀਰ ਕੌਰ ਵਾਸੀ ਖੀਰਾਵਾਲੀ ਥਾਣਾ ਜ਼ਿਲ੍ਹਾ ਕਪੂਰਥਲਾ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾਕਟਰ ਤਰਸੇਮ ਸਿੰਘ ਸਿਆਲਕਾ ਨਾਲ ਪਰਿਵਾਰ ਸਮੇਤ ਮੁਲਾਕਾਤ ਕੀਤੀ। ਪੀੜਤ ਬਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਨੌਜਵਾਨ ਪੁੱਤਰ ਬਲਜਿੰਦਰ ਸਿੰਘ ਬੱਲੂ ਦੇ ਹੋਏ ‘ਕਤਲ’ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਪੁਲੀਸ ਵੱਲੋਂ ਫੜਨ ਵਿੱਚ ਦੇਰੀ ਕੀਤੀ ਜਾ ਰਹੀ। ਡਾ. ਤਰਸੇਮ ਸਿੰਘ ਸਿਆਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਕੋਲ ਅਜਿਹਾ ਕੇਸ ਆਇਆ ਹੈ ਜਿਸ ਵਿੱਚ ਅਣ-ਅਧਿਕਾਰਤ ਤੌਰ ’ਤੇ ਕੁਝ ਲੋਕਾਂ ਵੱਲੋਂ ਨਿਹੰਗ ਦੇ ਲਬਿਾਸ ਵਿੱ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰਾਂ ਵਿੱਚੋਂ ਕਪੂਰਥਲਾ ਦੇ ਇੱਕ ਕੇਂਦਰ ਵਿੱਚ ਦਲਿਤ ਨੌਜਵਾਨ ’ਤੇ ਢਾਹੇ ਗਏ ਅੰਨ੍ਹੇ ਤਸ਼ੱਦਦ ਕਰਕੇ ਹੋਏ ‘ਕਤਲ’ ਸਬੰਧੀ ਸ਼ਿਕਾਇਤ ਮਿਲੀ ਹੈ। ਪੀੜਤਾਂ ਨੇ ਕਮਿਸ਼ਨ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਪੁਲੀਸ ਵੱਲੋਂ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਵਿਅਕਤੀ ਅਤੇ ਉਸ ਦੇ ਹਮਾਇਤੀਆਂ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਜਾਣ ਬੁੱਝ ਕੇ ਕਥਿਤ ਦੋਸ਼ੀਆਂ ਨੂੰ ਨਹੀਂ ਫੜ ਰਹੀ।