ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਜਨਵਰੀ
ਅਰੋੜਾ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਵਿੱਚ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਕਸ਼ਿਨਰੇਟ ਪੁਲੀਸ ਨੇ 24 ਘੰਟਿਆਂ ਦੇ ਵਿੱਚ-ਵਿੱਚ ਇਕ ਔਰਤ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਸੁਲਝਾਉਂਦਿਆਂ ਪਿਸਤੌਲ ਤੇ ਇਕ ਮੋਬਾਈਲ ਫੋਨ ਸਣੇ ਲੁੱਟੇ ਪੈਸੇ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਜਸਪਾਲ ਸਿੰਘ (22), ਗਗਨਦੀਪ ਸਿੰਘ (22) ਅਤੇ ਸਰਬਜੀਤ ਕੌਰ (45) ਵਜੋਂ ਹੋਈ ਹੈ। ਚੌਥਾ ਮੁਲਜ਼ਮ ਗੁਰਕਿਰਪਾਲ ਸਿੰਘ ਅਜੇ ਫ਼ਰਾਰ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਅਣਪਛਾਤਿਆਂ ਨੇ ਅਰੋੜਾ ਵੈਸਟਰਨ ਯੂਨੀਅਨ ਤੋਂ ਨਕਦੀ ਸਣੇ ਤਿੰਨ ਫੋਨ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਡਲ ਟਾਊਨ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਾਰਦਾਤ ਉਪਰੰਤ ਤੁਰੰਤ ਸੀਆਈਏ-1 ਟੀਮ ਕੇਸ ਦਾ ਪਤਾ ਲਗਾਉਣ ਲਈ ਜੁੱਟ ਗਈ ਤੇ ਪੜਤਾਲ ਉਪਰੰਤ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਕਸਰ ਉਸ ਦੀ ਦੁਕਾਨ ’ਤੇ ਆਉਂਦੀ ਸੀ। ਉਸ ਨੇ ਗਗਨਦੀਪ ਸਿੰਘ ਨਾਲ ਮਿਲ ਕੇ ਦੁਕਾਨ ਤੋਂ ਲੁੱਟ ਦੀ ਯੋਜਨਾ ਬਣਾਈ। ਗਗਨਦੀਪ ਨੇ ਇਸ ਕੰਮ ਲਈ ਆਪਣੇ ਹੋਰ ਸਾਥੀਆਂ ਨੂੰ ਨਾਲ ਰਲਾ ਲਿਆ।