ਪਾਲ ਸਿੰਘ ਨੌਲੀ
ਜਲੰਧਰ, 3 ਮਈ
ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਅਤੇ ਸੀਪੀਆਈ (ਐੱਮ) ਦੇ ਪੋਲਿਟ ਬਿਉਰੋ ਮੈਂਬਰ ਕਾਮਰੇਡ ਅਸ਼ੋਕ ਧਾਵਲੇ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਫਿਰਕੂ ਤੇ ਕਾਰਪੋਰੇਟ ਗੱਠਜੋੜ ਨੂੰ ਹਰਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਸੀਪੀਆਈਐੱਮ ਦੀ 23ਵੀਂ ਪਾਰਟੀ ਕਾਂਗਰਸ ਦੀ ਰਿਪੋਰਟਿੰਗ ਕਰਦਿਆਂ ਕਿਹਾ ਕਿ ਸੀਪੀਆਈਐੱਮ ਜਿੱਥੇ ਫਿਰਕੂ ਸ਼ਕਤੀਆਂ ਦੇ ਖ਼ਿਲਾਫ਼ ਲੜਨ ਲਈ ਆਪਣੀ ਸ਼ਕਤੀ ਵਧਾਏਗੀ, ਉਥੇ ਖੱਬੇ ਪੱਖੀ, ਧਰਮ ਨਿਰਪੱਖ ਸ਼ਕਤੀਆਂ ਨੂੰ ਇਕੱਠਾ ਕਰਕੇ ਭਾਜਪਾ ਤੇ ਕਾਰਪੋਰੇਟ ਗੱਠਜੋੜ ਦੇ ਖਿਲਾਫ ਸੰਘਰਸ਼ ਹੋਰ ਤਿੱਖਾ ਕਰੇਗੀ। ਉਹ ਅੱਜ ਇਥੇ ਸੀਪੀਆਈਐੱਮ ਦੇ ਬੱਦਰੀ ਦਾਸ ਕਲੋਨੀ ਸਥਿਤ ਦਫਤਰ ’ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸੀਪੀਆਈਐੱਮ ਦੇ ਸੂਬਾ ਸਕੱਤਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨੀ ਮਸਲਿਆਂ ਲਈ ਸੰਘਰਸ਼ ਤਿੱਖੇ ਕੀਤੇ ਜਾਣਗੇ। ਸੂਬਾ ਕਾਨਫਰੰਸ 27-28 ਅਗਸਤ ਨੂੰ ਤਰਨ ਤਾਰਨ ’ਚ ਕਰਨ ਦਾ ਫੈਸਲਾ ਕੀਤਾ ਗਿਆ।