ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਪਰੈਲ
ਵੱਖ-ਵੱਖ ਕਿਸਾਨ ਜਥੇਬੰਦੀਆਂ, ਜਿਸ ਵਿਚ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਕਾਦੀਆਂ, ਜਮਹੂਰੀ ਕਿਸਾਨ ਸਭਾ ਅਤੇ ਬੀਕੇਯੂ ਰਾਜੇਵਾਲ ਵੱਲੋਂ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਇਲਾਕੇ ਦੀਆਂ ਕਿਸਾਨੀ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ। ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਇਨ੍ਹਾਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੂਬੇ ਦੀਆਂ ਸਰਕਾਰਾਂ ਤਾਂ ਏਨੀਆਂ ਢੀਠ ਹਨ ਕਿ 2019 ਵਿੱਚ ਕਣਕ ਦੇ 2600 ਖੇਤ ਸੜ ਜਾਣ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਇਸ ਦੇ ਬਾਵਜੂਦ ਕਿਸਾਨ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਆਪਣਾ ਢਿੱਡ ਘੁੱਟ ਰਹੇ ਹਨ।
ਕਿਸਾਨਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਹੋਰ ਵੀ ਮੰਗਾਂ ਸਨ, ਜਿਨ੍ਹਾਂ ਦੇ ਹੱਲ ਕਰਨ ਲਈ ਵਿਧਾਇਕਾ ਨੇ 20 ਦਿਨ ਦਾ ਸਮਾਂ ਮੰਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਦੱਸਿਆ ਕਿ ਆਲਮੀ ਤਪਸ਼ ਦੇ ਚੱਲਦਿਆਂ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ’ਤੇ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਸਰਕਾਰਾਂ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀਆਂ ਹਨ। ਦਿੱਲੀ ਦੀਆਂ ਬਰੂਹਾਂ ਤੋਂ ਅੰਦੋਲਨ ਜਿੱਤ ਕੇ ਮੁੜੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਹੁਣ ਆਪਣੀਆਂ ਮੰਗਾਂ ਤੇ ਹੱਕਾਂ ਪ੍ਰਤੀ ਸੁੂਚੇਤ ਹਨ ਤੇ ਜਿਹੜਾ ਸੰਘਰਸ਼ ਨੇ ਰਾਹ ਦਿਖਾਇਆ ਹੈ ਉਸ ਨੂੰ ਹੁਣ ਕਦੇ ਛੱਡਣਗੇ ਨਹੀਂ। ਕਿਸਾਨ ਆਗੂ ਸੰਧੂ ਨੇ ਕਿਹਾ ਕਿ ਬਿਲਗਾ ਤੇ ਫਿਲੌਰ ਦੇ ਕਿਸਾਨਾਂ ਦੀ ਕਣਕ ਦੇ ਕਰੀਬ 2600 ਖੇਤ ਸਾਲ 2019 ਵਿੱਚ ਅੱਗ ਲੱਗਣ ਕਾਰਨ ਸੜ ਗਏ ਸਨ। ਇਸ ਦਾ ਮੁਆਵਜ਼ਾ ਮਨਜ਼ੂਰ ਹੋਣ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਬਿਲਗਾ ਦੇ 24 ਏਕੜ, ਬੂਟਾ ਸਿੰਘ ਸ਼ਾਦੀਪੁਰ ਦੇ 10 ਏਕੜ ਤੇ ਇੱਕ ਪਰਵਾਸੀ ਮਜ਼ਦੂਰ ਜਿਹੜਾ ਕਿ ਠੇਕੇ ’ਤੇ ਲੈਕੇ ਵਾਹੀ ਕਰਦਾ ਸੀ, ਦੀ ਸਾਰੀ ਕਣਕ ਸੜ ਗਈ ਸੀ। ਇਸੇ ਤਰਾਂ 2600 ਏਕੜ ਦਾ ਮੁਆਵਾਜ਼ਾ ਕਿਸਾਨ ਚਾਰ ਸਾਲਾਂ ਤੋਂ ਉਡੀਕ ਰਹੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਗੰਨਾ ਮਿੱਲਾਂ ਵੱਲ ਕਿਸਾਨਾਂ ਦਾ ਖੜ੍ਹਾ ਬਕਾਇਆ ਫੌਰੀ ਜਾਰੀ ਕਰਵਾਇਆ ਜਾਵੇ ਅਤੇ ਖੇਤੀਬਾੜੀ ਲਈ ਅੱਠ ਘੰਟੇ ਬਿਜਲੀ ਦੇਣੀ ਯਕੀਨੀ ਬਣਾਈ ਜਾਵੇ। ਕੱਟੜਾ ਹਾਈਵੇਅ ਰਾਹੀਂ ਕਿਸਾਨਾਂ ਦੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਕ ਧਾਰਮਿਕ ਡੇਰੇ ਨੂੰ ਖੁਸ਼ ਕਰਨ ਲਈ ਪਿੰਡ ਉਧੋਵਾਲ, ਪਛਾੜੀਆਂ, ਬੁਲੰਦਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਦਾ ਫੈਸਲਾ ਵਾਪਸ ਲਿਆ ਜਾਵੇ।ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਦਿੱਲੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਐਲਾਨਿਆ ਮੁਆਵਜ਼ਾ ਦੇਣ ਅਤੇ ਸਰਕਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਗਈ।