ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੂਨ
ਜਲੰਧਰ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ, ਸਾਊਥ ਸਿਟੀ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ, ਡੀਜੇ ਪ੍ਰਾਪਰਟੀ ਡੀਲਰ ਅਤੇ ਬੇਦੀ ਪ੍ਰਾਪਰਟੀ ਡੀਲਰ ਸਮੇਤ ਹੋਰ ਕਾਰੋਬਾਰੀ ਜਥੇਬੰਦੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਜਿਸਟਰੀਆਂ ਕਰਾਉਣ ’ਤੇ ਲਾਈ ਗਈ ਰੋਕ ਦੀ ਨਿੰਦਾ ਕੀਤੀ ਹੈ। ਇਨ੍ਹਾਂ ਡੀਲਰਾਂ ਦਾ ਕਹਿਣਾ ਸੀ ਕਿ ਐੱਨਓਸੀ ਤੋਂ ਬਗੈਰ ਰਜਿਸਟਰੀਆਂ ਨਾ ਕਰਨ ਦੇ ਕੀਤੇ ਫੁਰਮਾਨ ਨੇ ਪੰਜਾਬ ਦੇ ਖਜ਼ਾਨੇ ਨੂੰ ਵੱਡੀ ਢਾਅ ਲਾਈ ਹੈ। ਅੱਜ ਇਥੇ ਇਕ ਹੋਟਲ ਵਿਚ ਪ੍ਰਾਪਰਟੀ ਡੀਲਰਾਂ ਦੀ ਹੋਈ ਮੀਟਿੰਗ ਵਿੱਚ ਇਸ ਗੱਲ ਨੂੰ ਲੈ ਕੇ ਸਰਕਾਰ ਪ੍ਰਤੀ ਗੁੱਸਾ ਸੀ ਕਿ ਉਹ ਬਿਨਾਂ ਵਜ੍ਹਾ ਕਲੋਨਾਈਜ਼ਰਾਂ ’ਤੇ ਮਾਮਲੇ ਦਰਜ ਕਰ ਰਹੀ ਹੈ ਤੇ ਐੱਨਓਸੀ ਤੋਂ ਬਿਨਾਂ ਰਜਿਸਟਰੀਆਂ ਨਾ ਕਰਨ ਦੇ ਫ਼ੈਸਲੇ ਨਾਲ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਇਸ ਮੌਕੇ ਕਾਂਗਰਸੀ ਆਗੂ ਮੇਜਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਨਮਾਨੀਆਂ ਕਾਰਨ ਪੰਜਾਬ ਵਿਚ ਕਾਰੋਬਾਰ ਕਰਨਾ ਔਖਾ ਹੋ ਰਿਹਾ ਹੈ। ਉਨ੍ਹਾਂ ਪ੍ਰਾਪਰਟੀ ਡੀਲਰਾਂ ਨੂੰ ਇਕਜੁੱਟ ਹੋ ਕੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਡਟਣ ਦਾ ਸੱਦਾ ਦਿੱਤਾ।