ਨੋਜਵਾਨਾਂ ਨੇ ਊਤਸ਼ਾਹ ਨਾਲ ਲਿਆ ਹਿੱਸਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਅੰਮ੍ਰਿਤਸਰ ਹਾਰਟ ਇੰਸਟੀਚਿਊਟ ਜਨਤਾ ਹਸਪਤਾਲ ਵੱਲੋਂ ਮੈਰਾਥਾਨ ਕਰਵਾਈ ਗਈ, ਜਿਸ ਵਿੱਚ ਯੂ.ਪੀ., ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ 3 ਹਜ਼ਾਰ ਦੌੜਾਕਾਂ ਨੇ ਭਾਗ ਲਿਆ। ਇਸ ਮੈਰਾਥਾਨ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹਾਰਟ ਸਪੈਸ਼ਲਿਸਟ ਪਦਮ ਵਿਭੂਸ਼ਣ ਡਾ. ਟੀ.ਐਸ. ਕਲੇਰ ਅਤੇ ਡਾ. ਮੰਨਨ ਆਨੰਦ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ 10 ਕਿਲੋਮੀਟਰ ਦੌੜ ਮੁਕਾਬਲੇ ਦੇ ਜੇਤੂ ਲੜਕਿਆਂ ਨੂੰ ਪਹਿਲਾ ਇਨਾਮ 20 ਹਜ਼ਾਰ, ਦੂਸਰਾ 10 ਹਜ਼ਾਰ, ਤੀਸਰਾ 5 ਹਜ਼ਾਰ, 5 ਕਿਲੋਮੀਟਰ ਵਿੱਚ ਜੇਤੂ ਲੜਕੀਆਂ ਨੂੰ ਪਹਿਲਾ ਇਨਾਮ 15 ਹਜ਼ਾਰ, ਦੂਸਰਾ ਇਨਾਮ 7 ਹਜ਼ਾਰ ਰੁਪਏ ਅਤੇ ਤੀਸਰਾ 4 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ।
ਇਸ ਮੌਕੇ ਸ੍ਰੀ ਔਜਲਾ ਨੇ ਮੈਰਾਥਨ ਕਰਵਾਉਣ ਲਈ ਡਾ. ਆਨੰਦ ਦੇ ਉਪਰਾਲੇ ਦੀ ਸ਼ਲਾਘਾ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਇਸ ਵਿੱਚ ਭਾਗ ਲੈਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਨਹੀਂ ਹਨ। ਰੋਜ਼ਾਨਾ ਸੈਰ, ਦੌੜ, ਯੋਗਾ ਜਾਂ ਹੋਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਕਲੇਰ ਅਤੇ ਡਾ. ਮੰਨਨ ਆਨੰਦ ਨੇ ਕਿਹਾ ਕਿ ਆਪਣੇ ਦਿਲ ਦੀ ਸੁਰੱਖਿਆ ਲਈ ਸਾਨੂੰ ਰੋਜ਼ਾਨਾ ਸੈਰ ਅਤੇ ਦੌੜ ਲਗਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਦਿਲ ਲੰਮਾ ਸਮਾਂ ਸਾਥ ਦਿੰਦਾ ਰਹੇ। ਉਨ੍ਹਾਂ ਕਿਹਾ ਕਿ ਮੈਰਾਥਾਨ ਕਰਵਾਉਣ ਦਾ ਮੰਤਵ ਸ਼ਹਿਰਵਾਸੀਆਂ ਅਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਵਾਉਣਾ ਹੈ। ਇਸ ਮੌਕੇ ਡਾ ਮੈਕਸਿਮਾ ਆਨੰਦ, ਡਾ. ਮਨਦੀਪ ਕੌਰ, ਡਾ. ਜਸਵਿੰਦਰ ਕੌਰ, ਡਾ. ਅਨਿਲ ਆਨੰਦ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਕੋਚ, ਖਿਡਾਰੀ ਹਾਜ਼ਰ ਸਨ।
ਕੈਪਸ਼ਨ : ਮੈਰਾਥਾਨ ਦੀ ਸ਼ੁਰੂਆਤ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਡਾ. ਟੀ.ਐਸ. ਕਲੇਰ, ਡਾ. ਮੰਨਨ ਆਨੰਦ ਅਤੇ ਐਥੀਲੀਟ ਜੇਤੂਆਂ ਦਾ ਸਨਮਾਨ ਕਰਦੇ ਹੋਏ।