ਸੁਰਜੀਤ ਮਜਾਰੀ
ਬੰਗਾ, 6 ਜਨਵਰੀ
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਦੇ ਵਕਤੀ ਰਾਜਨੀਤੀ ਨਹੀਂ ਕੀਤੀ ਸਗੋਂ ਸਦਾ ਲੋਕ ਸੇਵਾ ਅਤੇ ਦੇਸ਼ ਦੇ ਬਹੁਪੱਖੀ ਵਿਕਾਸ ਲਈ ਸੇਵਾਵਾਂ ਨਿਭਾਉਣ ’ਚ ਵਿਸ਼ਵਾਸ ਰੱਖਿਆ ਹੈ। ਉਹ ਅੱਜ ਬੰਗਾ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੇਣ ਲਈ ਪੁੱਜੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਸੱਤਾ ਤਬਦੀਲੀ ਦਾ ਮਾਹੌਲ ਬਣ ਚੁੱਕਾ ਹੈ ਤੇ ਦੇਸ਼ ਦਾ ਭਗਵਾਂਕਰਨ ਕਰਨ ਵਾਲੀਆਂ ਚਾਲਾਂ ਦਾ ਪਤਨ ਹੋ ਜਾਵੇਗਾ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੇ ਨਿਰਮਾਣ ਹਿੱਤ ਮਜ਼ਬੂਤ ਗੱਠਜੋੜ ’ਚ ਵਿਸ਼ਵਾਸ ਰੱਖਦੀ ਹੈ ਅਤੇ ਇਸ ਗੱਠਜੋੜ ਤਹਿਤ ਸਾਂਝੀਵਾਲ ਧਿਰਾਂ ਨੂੰ ਵਿਸ਼ਵਾਸ ’ਚ ਲੈ ਕੇ ਉਕਤ ਮਿਸ਼ਨ ਨੂੰ ਸਫ਼ਲ ਕੀਤਾ ਜਾਵੇਗਾ। ਇਸ ਦੌਰਾਨ ਪੰਚਾਇਤਾਂ ਨੂੰ ਨਿਰਪੱਖਤਾ ਦਾ ਹੋਕਾ ਦਿੰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਅਤੇ ਦੂਜੀਆਂ ਧਿਰਾਂ ਦੀ ਕਾਰਜਸ਼ੈਲੀ ਦੇ ਅੰਤਰ ਨੂੰ ਪਰਖਣ ਦੀ ਲੋੜ ਹੈ। ਇਸ ਮੌਕੇ ਬੱਜੋਂ, ਸਰਹਾਲ ਕਾਜੀਆਂ ਅਤੇ ਮਹਿਮੂਦਪੁਰ ਆਦਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂਨੀ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕਮਲਜੀਤ ਸਿੰਘ ਬੰਗਾ ਅਤੇ ਐੱਸਸੀ ਵਿੰਗ ਦੇ ਆਗੂ ਸੋਖੀ ਰਾਮ ਹਾਜ਼ਰ ਸਨ।