ਪੱਤਰ ਪ੍ਰੇਰਕ
ਫਗਵਾੜਾ, 12 ਸਤੰਬਰ
ਆਲ ਇੰਡੀਆ ਫੈਡਰੇਸ਼ਨ ਆਫ ਬਰਿਕਸ ਐਂਡ ਟਾਇਲਸ ਅਤੇ ਬਰਿਕ ਕਲਿਨ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਫਗਵਾੜਾ ਦੇ ਸਮੂਹ ਭੱਠਾ ਮਾਲਕਾਂ ਵੱਲੋਂ ਇੱਟਾਂ ਦੀ ਵਿਕਰੀ ਬੰਦ ਕਰਨ ਕਾਰਨ ਲੋਕਾਂ ਵਲੋਂ ਸ਼ੁਰੂ ਕੀਤੀ ਉਸਾਰੀ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਅੱਜ ਗੱਲਬਾਤ ਦੌਰਾਨ ਭੱਟਾ ਐਸੋਸੀਸਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ਕਿਹਾ ਕਿ ਦੋਵਾਂ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸੂਬਾ ਤੇ ਕੇਂਦਰ ਸਰਕਾਰਾਂ ਇਸ ’ਤੇ ਧਿਆਨ ਨਹੀਂ ਦੇ ਰਹੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਭੱਠਾ ਕਾਰੋਬਾਰ ਵਿਰੋਧੀ ਨੀਤੀਆਂ ਕਾਰਨ ਸਮੂਹ ਭੱਠਾ ਮਾਲਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕੋਲੇ ਦੀਆਂ ਕੀਮਤਾਂ ਅਤੇ ਜੀਐੱਸਟੀ ’ਚ ਵਾਧੇ ਦੇ ਰੋਸ ਵਜੋਂ ਜੁਲਾਈ ’ਚ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਦੂਸਰੇ ਸੂਬਿਆਂ ਤੋਂ ਇੱਥੇ ਇੱਟਾਂ ਲਿਆ ਕੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ ਸੀ ਪਰ ਇਸ ਸਬੰਧੀ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਦੇ ਰੋਸ ਵਜੋਂ ਫਗਵਾੜਾ ਬਰਿਕ ਕਲਿਨ ਐਸੋਸੀਏਸ਼ਨ ਨੇ ਇੱਟਾਂ ਦੀ ਵਿਕਰੀ ਛੇ ਦਿਨਾਂ ਲਈ ਬੰਦ ਕਰ ਦਿੱਤੀ ਹੈ।