ਪਾਲ ਸਿੰਘ ਨੌਲੀ
ਜਲੰਧਰ, 31 ਅਗਸਤ
ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੂੰ ਮਿਲੇ। ਇਨ੍ਹਾਂ ਮੁਲਾਜ਼ਮਾਂ ਨੇ ‘ਸਿੱਖਿਆ ਮੰਤਰੀ ਨੂੰ ਪੁੱਛੋ ਸਵਾਲ ਮੁਹਿੰਮ’ ਸ਼ੁਰੂ ਕੀਤੀ ਹੋਈ ਹੈ। ਉਹ ਇਹੋ ਸਵਾਲ ਪੁੱਛ ਰਹੇ ਹਨ ਲੋਕਲ ਕਾਂਗਰਸੀ ਆਗੂ ਸਿੱਖਿਆ ਮੰਤਰੀ ਨੂੰ ਸਵਾਲ ਕਰਨ ਕਿ ਜੇ ਸਾਲ 2018 ਵਿਚ 8886 ਅਧਿਆਪਕ ਪੱਕੇ ਕਰ ਦਿੱਤੇ ਗਏ ਹਨ ਤਾਂ 2 ਸਾਲ ਬਾਅਦ ਵੀ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ। ਤਿੰਨੋਂ ਆਗੂਆਂ ਵੱਲੋਂ ਮੁਲਾਜ਼ਮਾਂ ਦੇ ਵਫਦ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਲਿਖਤੀ ਰੂਪ ਵਿਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਸਿਫਾਰਸ਼ ਕਰਨਗੇ। ਸਰਵ ਸਿੱਖਿਆ ਅਭਿਆਨ/ਮਿੱਡ ਡੇਅ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਅਸ਼ੀਸ਼ ਜੁਲਾਹਾ, ਰਾਜੀਵ ਸ਼ਰਮਾ ਤੇ ਪੰਕਜ ਕੁਮਾਰ ਨੇ ਕਿਹਾ ਕਿ ਸਵਾਲ ਪੁੱਛੋ ਮੁਹਿੰਮ ਤਹਿਤ ਕਰਮਚਾਰੀ ਹਰ ਇਕ ਕਾਂਗਰਸੀ ਆਗੂ ਦੇ ਘਰ ਜਾਣਗੇ, ਜਦੋਂ ਤੱਕ ਮੁਲਾਜ਼ਮਾਂ ਨੂੰ ਸਰਕਾਰ ਪੱਕਾ ਨਹੀਂ ਕਰ ਦਿੰਦੀ। ਆਗੂਆਂ ਨੇ ਕਿਹਾ ਕਿ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਤਕਰੀਬਨ 100 ਕਰੋੜ ਰੁਪਏ ਦੀ ਬੱਚਤ ਹੋਵੇਗੀ।