ਡੀਸੀ ਨੇ ਮੋਬਾਈਲ ਟੀਮਾਂ ਦੇ 72 ਅਧਿਕਾਰੀਆਂ ਨੂੰ ਦਿੱਤੇ ਪ੍ਰੰਸ਼ਸਾ ਪੱਤਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਲਾਭਪਾਤਰੀਆਂ ਨੂੰ ਲਗਪਗ 20 ਲੱਖ ਖੁਰਾਕਾਂ ਦੇ ਕੇ 85 ਫੀਸਦੀ ਤੋਂ ਵੱਧ ਆਬਾਦੀ ਨੂੰ ਟੀਕਾਕਰਨ ਮੁਹਿੰਮ ਤਹਿਤ ਕਵਰ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੋਬਾਈਲ ਟੀਕਾਕਰਨ ਯੂਨਿਟਾਂ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ ਦੇ ਸਾਂਝੇ ਯਤਨਾਂ ਸਦਕਾ ਜ਼ਿਲ੍ਹੇ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਹੁਣ ਤੱਕ 14,34,948 ਪਹਿਲੀ ਅਤੇ 5,52,927 ਦੂਜੀ ਖੁਰਾਕ ਸਮੇਤ ਕੁੱਲ 19,87,875 ਖੁਰਾਕਾਂ ਪ੍ਰਦਾਨ ਕਰਕੇ 85 ਫੀਸਦੀ ਆਬਾਦੀ ਨੂੰ ਟੀਕਾਕਰਨ ਮੁਹਿੰਮ ਤਹਿਤ ਕਵਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਗਪਗ 33 ਫੀਸਦੀ ਵਸੋਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ। ਇਸ ਦੌਰਾਨ ਡੀਸੀ ਨੇ ਵੱਧ ਤੋਂ ਵੱਧ ਆਬਾਦੀ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਵਿੱਚ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਟੀਕਾਕਰਨ ਅਫਸਰ ਰਾਕੇਸ਼ ਚੋਪੜਾ ਨੇ ਦੱਸਿਆ ਕਿ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਡਾਕਟਰ, ਏਐੱਨਐੱਮਜ਼, ਕੰਪਿਊਟਰ ਆਪ੍ਰੇਟਰਜ਼, ਕਾਲਜ ਫੈਕਲਟੀ ਅਤੇ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਹੋਰ ਲੋਕ ਕਰਮਚਾਰੀ ਸ਼ਾਮਲ ਹਨ।