ਜਗਜੀਤ ਸਿੰਘ
ਮੁਕੇਰੀਆਂ, 9 ਫਰਵਰੀ
ਚੋਣਾਂ ਦੌਰਾਨ ਰੈਲੀਆਂ ਕਰਕੇ ਆਪਣਾ ਪ੍ਰਚਾਰ ਕਰਨ ਵਾਲੇ ਸਿਆਸੀ ਮਹਾਰਥੀਆਂ ਨੂੰ ਕਰੋਨਾ ਨੇ ਘਰ-ਘਰ ਪ੍ਰਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਚੋਣਾਂ ਲੜ ਰਹੇ ਲਗਭਗ ਸਾਰੇ ਹੀ ਉਮੀਦਵਾਰ ਸਵੇਰ ਤੋਂ ਹੀ ਲੋਕਾਂ ਦੇ ਘਰਾਂ ਵਿੱਚ ਬਿਮਾਰਾਂ ਤੇ ਬ਼ਜ਼ੁਰਗਾਂ ਦਾ ਹਾਲ ਪੁੱਛਣ ਆ ਜਾਂਦੇ ਹਨ। ਪਹਿਲਾਂ ਇਨ੍ਹਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ਥਾਂ ਰੈਲੀ ਕਰਕੇ ਡੰਗ ਟਪਾ ਲਿਆ ਜਾਂਦਾ ਸੀ।
ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਇਸ ਨੂੰ ਇੱਕ ਚੰਗੀ ਪਹਿਲ ਦੱਸਦਿਆਂ ਕਿਹਾ ਕਿ ਇਸ ਨਾਲ ਉਮੀਦਵਾਰਾਂ ਦੀ ਜਵਾਬਦੇਹੀ ਵੀ ਵਧੀ ਹੈ ਅਤੇ ਲੋਕ ਸਮਝਣ ਲੱਗੇ ਹਨ ਕਿ ਉਹ ਉਮੀਦਵਾਰ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ। ਆਜ਼ਾਦ ਉਮੀਦਵਾਰ ਜਥੇਦਾਰ ਗੁਰਵਤਨ ਸਿੰਘ ਨੇ ਕਿਹਾ ਕਿ ਲੋਕਾਂ ਨਾਲ ਸੰਪਰਕ ਸਾਧਣ ਤੇ ਆਪਣੀਆਂ ਪ੍ਰਾਪਤੀਆਂ ਦੱਸਣ ਦਾ ਇਹ ਸਭ ਤੋਂ ਸਸਤਾ ਤੇ ਲਾਹੇਵੰਦ ਤਰੀਕਾ ਹੈ। ‘ਆਪ’ ਦੇ ਆਗੂ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਅਸਲ ਵਿੱਚ ਪ੍ਰਚਾਰ ਦਾ ਸਾਧਨ ਘਰ-ਘਰ ਟੀਮਾਂ ਬਣਾ ਕੇ ਹੀ ਕੀਤਾ ਜਾਣਾ ਚਾਹੀਦਾ ਹੈ।