ਜਸਬੀਰ ਸਿੰਘ ਚਾਨਾ
ਫਗਵਾੜਾ, 9 ਮਾਰਚ
ਇੱਥੋਂ ਦੇ ਬੰਗਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੇ ਬਾਹਰ ਬਣੀਆਂ ਕਰੀਬ 23 ਦੁਕਾਨਾਂ ਦਾ ਲੱਖਾਂ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਅਦਾ ਨਾ ਹੋਣ ਕਾਰਨ ਨਿਗਮ ਦੀ ਟੀਮ ਨੇ ਅੱਜ ਸਵੇਰੇ 5 ਵਜੇ ਪਹੁੰਚ ਕੇ ਦੁਕਾਨਾਂ ਸੀਲ ਕਰ ਦਿੱਤੀਆਂ। ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਦੁਕਾਨਦਾਰਾਂ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਟੀਮ ਦਾ ਤਿੱਖਾ ਵਿਰੋਧ ਕਰਦਿਆਂ ਧਰਨਾ ਲਗਾ ਦਿੱਤਾ।
ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਕੁੱਝ ਦਿਨ ਪਹਿਲਾਂ ਦੁਕਾਨਦਾਰਾਂ ਨੂੰ 138 ਦਾ ਨੋਟਿਸ ਪ੍ਰਾਪਤ ਹੋਇਆ ਸੀ ਤਾਂ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਕੁੱਝ ਦਿਨ ਦਾ ਸਮਾਂ ਦੇਣ ਤੇ ਕਿਸ਼ਤਾਂ ਵਿਚ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਪਰ ਥੋੜੇ ਦਿਨਾਂ ਮਗਰੋਂ ਹੀ ਅਧਿਕਾਰੀਆਂ ਨੇ ਗੁਪਤ ਢੰਗ ਨਾਲ ਕਾਰਵਾਈ ਕਰਦਿਆਂ ਅੱਜ ਤੜਕਸਾਰ ਇਹ ਕਾਰਵਾਈ ਕਰ ਦਿੱਤੀ। ਨਿਗਮ ਦੀ ਇਸ ਕਾਰਵਾਈ ਖ਼ਿਲਾਫ਼ ਦੁਕਾਨਦਾਰਾਂ ਨੇ ਨਿਗਮ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੌਕੇ ’ਤੇ ਪਹੁੰਚੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਹ ਸਾਰਾ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਤੇ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਗਲਤ ਦੱਸਿਆ। ਉਪਰੰਤ ਨਾਇਬ ਤਹਿਸੀਲਦਾਰ ਨਵਦੀਪ ਸਿੰਘ ਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਮੌਕੇ ’ਤੇ ਪੁੱਜੇ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੁੱਲ੍ਹਵਾ ਕੇ ਦਿੱਤੀਆਂ। ਉਪਰੰਤ ਦੁਕਾਨਦਾਰਾਂ ਨੇ ਘਿਰਾਓ ਖ਼ਤਮ ਕਰਦਿਆਂ ਨਿਗਮ ਦੀ ਟੀਮ ਨੂੰ ਜਾਣ ਦਿੱਤਾ। ਦੁਕਾਨਦਾਰਾਂ ਨੇ ਧਾਲੀਵਾਲ ਵੱਲੋਂ ਇਸ ਮਾਮਲੇ ’ਚ ਲਏ ਗਏ ਸਟੈਂਡ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਜੀਵ ਬੁੱਗਾ, ਅਵਿਨਾਸ਼ ਬਾਸ਼ੀ ਗੁਪਤਾ, ਗੁਰਜੀਤਪਾਲ ਵਾਲੀਆ, ਵਿਨੋਦ ਵਰਮਾਨੀ ਤੇ ਪਰਮਿੰਦਰ ਬਸਰਾ ਆਦਿ ਸਮੇਤ ਵੱਡੀ ਗਿਣਤੀ ਦੁਕਾਨਦਾਰ ਹਾਜ਼ਰ ਸਨ।