ਪੱਤਰ ਪ੍ਰੇਰਕ
ਗੜ੍ਹਸ਼ੰਕਰ, 29 ਮਈ
ਸੀਪੀਐੱਮ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਅਤੇ ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਇਹ ਫ਼ੈਸਲਾ ਸੂਬਾ ਕਮੇਟੀ ਵੱਲੋਂ ਲਏ ਫੈਸਲੇ ਉਪਰੰਤ ਕੀਤਾ ਹੈ। ਇਸ ਸਬੰਧੀ ਪਿੰਡ ਭੱਜਲ ਯੂਨਿਟ ਦੀ ਜਨਰਲ ਬਾਡੀ ਦੀ ਕਾਮਰੇਡ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ। ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ ਫਿਰਕਾਪ੍ਰਸਤੀ ਫੈਲਾਉਣ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਵਾਲੀ ਭਾਜਪਾ ਹਾਰ ਰਹੀ ਹੈ ਅਤੇ ਇਸ ਹਾਰ ਨੂੰ ਪੰਜਾਬ ਵਿੱਚ ਹੋਰ ਯਕੀਨੀ ਬਣਾਉਣ ਲਈ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਵੋਟਾਂ ਪਾਉਣ ਲਈ ਲੋਕਾਂ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟ ਵਰਕਰਾਂ ਅਤੇ ਹਮਖਿਆਲੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਸਫ਼ਲ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਇਸ ਮੌਕੇ ਰਜਿੰਦਰ ਸਿੰਘ, ਸੋਹਣ ਸਿੰਘ, ਝਲਮਣ ਸਿੰਘ, ਬਲਵੀਰ ਸਿੰਘ, ਜੱਸਾ ਸਿੰਘ, ਬਾਲਾ ਸਿੰਘ, ਕੀਰਤ ਸਿੰਘ, ਸੁਖਵਿੰਦਰ ਕੌਰ, ਮਨਜੀਤ ਕੌਰ, ਦਾਰਾ ਸਿੰਘ, ਦਿਲਾਵਰ ਸਿੰਘ ਆਦਿ ਸਮੇਤ ਹੋਰ ਵਰਕਰ ਹਾਜ਼ਰ ਸਨ।
ਸੀਪੀਆਈ (ਐੱਮ) ਵੱਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਦਾ ਐਲਾਨ
ਮੁਕੇਰੀਆਂ: ਸੀਪੀਆਈ (ਐੱਮ) ਨੇ ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਪਾਰਟੀ ਕਾਰਕੁਨਾਂ ਨੂੰ ਕਾਂਗਰਸ ਦੀ ਮਦਦ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਰਾਖੀ ਅਤੇ ਸੰਵਿਧਾਨਕ ਸੰਸਥਾ ਦੀ ਦੁਰਵਰਤੋਂ ਰੋਕਣ ਲਈ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ਕਬਜ਼ਾ ਕਰਕੇ ਇਸ ਨੂੰ ਵਿਰੋਧੀਆਂ ਨੂੰ ਡਰਾਉਣ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਭਾਜਪਾ ਦੀ ਮੋਦੀ ਸਰਕਾਰ ਦੇਸ਼ ਦੇ ਨਿਰਪੱਖ ਢਾਂਚੇ ਅਤੇ ਸੰਵਿਧਾਨ ਲਈ ਖਤਰਾ ਬਣੀ ਹੋਈ ਹੈ। ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਸੂਬਾ ਕਮੇਟੀ ਵੱਲੋਂ ਲਏ ਫੈਸਲੇ ਉਪਰੰਤ ਕੀਤਾ ਹੈ। -ਪੱਤਰ ਪ੍ਰੇਰਕ