ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਜੁਲਾਈ
ਇਥੋਂ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਸਹੂਲਤ ਲਈ ਸੀ.ਟੀ ਸਕੈਨ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਾਲ ਜ਼ਿਲ੍ਹੇ ਦੇ ਲੋਕ ਵਾਜਬਿ ਭਾਅ ’ਤੇ ਟੈਸਟ ਕਰਵਾ ਸਕਣਗੇ। ਇਸ ਦੇ ਨਾਲ-ਨਾਲ ਹਸਪਤਾਲ ’ਚ ਡਾਇਗੋਨਸਟਿਕ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੀ.ਟੀ ਸਕੈਨ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਰਣਜੀਤ ਸਿੰਘ ਘੋਤੜਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕਰਸਨਾ ਡਾਇਗੋਨਾਸਟਿਕ ਸੈਂਟਰ ਵਲੋਂ ਸੀ.ਟੀ ਸਕੈਨ ਮਸ਼ੀਨ ਲਗਾਈ ਗਈ ਹੈ। ਇਸ ਡਾਇਗੋਨਾਸਟਿਕ ਸੈਂਟਰ ਵਿਚ ਸੀ.ਟੀ ਸਕੈਨ ਤੇ ਹੋਰ ਲੈਬ ਟੈਸਟਾਂ ਦੇ ਰੇਟ ਮਾਰਕੀਟ ਰੇਟਾਂ ਤੋਂ 70 ਤੋਂ 80 ਪ੍ਰਤੀਸ਼ਤ ਘੱਟ ’ਤੇ ਹੋਣਗੇ। ਉਨ੍ਹਾਂ ਦੱਸਿਆ ਕਿ ਸੀ.ਟੀ ਸਕੈਨ ਬਰੇਨ ਜੋ ਮਾਰਕੀਟ ਵਿਚ ਕਰੀਬ 3 ਹਜ਼ਾਰ ਤੋਂ 35 ਸੌ ਰੁਪਏ ਵਿਚ ਹੁੰਦੀ ਹੈ, ਇੱਥੇ 485 ਰੁਪਏ ਵਿਚ ਕੀਤੀ ਜਾਵੇਗੀ। ਵਿਟਾਮਿਨ-ਡੀ ਦਾ ਟੈਸਟ ਜੋ ਮਾਰਕੀਟ ਵਿਚ 1200-1300 ਰੁਪਏ ਵਿਚ ਕੀਤਾ ਜਾਂਦਾ ਹੈ, ਉਹ ਟੈਸਟ ਇੱਥੇ ਸਿਰਫ਼ 290 ਰੁਪਏ ਵਿਚ ਕੀਤਾ ਜਾਵੇਗਾ।