ਭਗਵਾਨ ਦਾਸ ਸੰਦਲ
ਦਸੂਹਾ, 30 ਜੁਲਾਈ
ਸਥਾਨਕ ਪੁਲੀਸ ਨੇ ਲੰਘੀ 20 ਜੁਲਾਈ ਨੂੰ ਅਨਾਜ ਮੰਡੀ ਨੇੜੇ ਇਕ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਉਰਫ ਸੋਢੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲੀਸ ਨੇ ਇਸ ਕਤਲ ਕਾਂਡ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਜੰਡੋਰ, ਥਾਣਾ ਦਸੂਹਾ ਵਜੋਂ ਹੋਈ ਹੈ ਜਦੋਂਕਿ ਬਾਕੀ ਦੋ ਹੋਰ ਮੁਲਜ਼ਮਾਂ ਪਾਰੂ ਤੇ ਜੱਸੀ ਵਾਸੀ ਨਵਾਂਸ਼ਹਿਰ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਡੀਐੱਸਪੀ ਦਸੂਹਾ ਅਨਿਲ ਭਨੋਟ ਤੇ ਥਾਣਾ ਮੁਖੀ ਗੁਰਦੇਵ ਸਿੰਘ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਭਪਿੰਦਰ ਸਿੰਘ ਉਰਫ ਭਿੰਦਾ ’ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਦਸੂਹਾ, ਭੋਗਪੁਰ ਤੇ ਗੜ੍ਹਦੀਵਾਲਾ ਵਿੱਚ ਕਰੀਬ ਛੇ ਅਪਰਾਧਿਕ ਕੇਸ ਦਰਜ ਹਨ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 20 ਜੁਲਾਈ ਸ਼ਾਮ ਨੂੰ ਅਣਪਛਾਤੇ ਨਕਾਬਪੋਸ਼ ਲੁਟੇਰੇ ਲੁੱਟ-ਖੋਹ ਦੀ ਨੀਅਤ ਨਾਲ ਪਰਮਜੀਤ ਸਿੰਘ ਨੂੰ ਕਤਲ ਕਰ ਕੇ ਫ਼ਰਾਰ ਹੋ ਗਏ ਸਨ ਤੇ ਜਾਂਦੇ ਹੋਏ ਉਸ ਦਾ ਲਾਇਸੈਂਸੀ ਰਿਵਾਲਵਰ ਵੀ ਨਾਲ ਲੈ ਗਏ ਸਨ। ਪੁਲੀਸ ਨੇ ਇਸ ਸਬੰਧ ਵਿੱਚ ਧਾਰਾ 302 ਤੇ 392 ਸਮੇਤ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ।