ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਜੂਨ
ਇਥੋਂ ਦੇ ਯੂਨੀਕ ਹੋਮ ਦੇ ਪੰਘੂੜੇ ਵਿਚ ਇਕ ਮ੍ਰਿਤਕ ਨਵਜਾਤ ਬੱਚੀ ਨੂੰ ਇਕ ਔਰਤ ਤੇ ਵਿਅਕਤੀ ਛੱਡ ਕੇ ਫਰਾਰ ਹੋ ਗਏ। ਪੰਘੂੜੇ ਵਿਚ ਬੇਸੁੱਧ ਪਈ ਬੱਚੀ ਨੂੰ ਜਦੋਂ ਡਾਕਟਰ ਕੋਲ ਲਿਜਾਇਆ ਗਿਆ ਤਾਂ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦਿੱਤਾ। ਯੂਨੀਕ ਹੋਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਇਕ ਔਰਤ ਤੇ ਇਕ ਵਿਅਕਤੀ ਕਾਰ ਵਿਚ ਬੱਚੀ ਨੂੰ ਪੰਘੂੜੇ ਵਿੱਚ ਛੱਡਣ ਲਈ ਆਉਂਦੇ ਦਿਖਾਈ ਦਿੰਦੇ ਹਨ। ਸੀਸੀਟੀਵੀ ਕੈਮਰੇ ਪੰਘੂੜੇ ਦੇ ਸਾਹਮਣੇ ਨਹੀਂ ਲਾਏ ਗਏ ਤਾਂ ਕਿ ਬੱਚੀਆਂ ਨੂੰ ਛੱਡਣ ਵਾਲੇ ਦੀ ਪਛਾਣ ਗੁਪਤ ਰਹਿ ਸਕੇ। ਉਧਰ ਥਾਣਾ ਲਾਂਬੜਾ ਦੀ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿਚ ਅੱਜ ਬੱਚੀ ਦਾ ਪੋਸਟ ਮਾਰਟਮ ਵੀ ਕੀਤਾ ਜਾਣਾ ਹੈ ਤਾਂ ਜੋ ਉਸ ਦੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇ। ਯੂਨੀਕ ਹੋਮ ਦਾ ਪ੍ਰਬੰਧ ਦੇਖ ਰਹੀ ਬੀਬੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਯੂਨੀਕ ਹੋਮ ਦੇ ਪ੍ਰਬੰਧਕ ਸਤਨਾਮ ਸਿੰਘ ਨੇ ਦੱਸਿਆ ਕਿ ਗੱਡੀ ਦਾ ਨੰਬਰ ਵੀ ਸੀਸੀਟੀਵੀ ਰਿਕਾਰਡਿੰਗ ਵਿੱਚ ਨਹੀਂ ਆਇਆ। ਪੁਲੀਸ ਨੇੇ ਆਈਪੀਸੀ ਦੀ ਧਾਰਾ 318 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਦਾ ਕਹਿਣਾ ਸੀ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਜੇ ਕੋਈ ਗੜਬੜੀ ਹੋਈ ਤਾਂ 302 ਦੀ ਧਾਰਾ ਵੀ ਲਗਾਈ ਜਾਵੇਗੀ।