ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਫਰਵਰੀ
ਰਾਮਾ ਮੰਡੀ ਇਲਾਕੇ ਵਿੱਚ ਪੈਂਦੀ ਝਾਂਸੀ ਕਲੋਨੀ ਵਿੱਚ ਦੋ ਬੱਚੇ ਉਸ ਵੇਲੇ ਬੁਰੀ ਤਰ੍ਹਾਂ ਝੁਲਸ ਗਏ ਜਦੋਂ ਉਹ ਹਾਈ ਵੋਲਟੇਜ ਵਾਲੀਆਂ ਬਿਜਲ ਦੀਆਂ ਤਾਰਾਂ ’ਚ ਫਸੀ ਪਤੰਗ ਨੂੰ ਇਕ ਲੋਹੇ ਦੀ ਰਾਡ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਹਾਂ ’ਚੋਂ ਇਕ ਬੱਚਾ ਬੁਰੀ ਤਰ੍ਹਾਂ ਝੁਲਸਿਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੰਕੁਰ ਅਤੇ ਸ਼ੁਭਮ ਵਾਸੀ ਝਾਂਸੀ ਕਲੋਨੀ ਆਪਣੇ ਘਰ ਦੀ ਛੱਤ ’ਤੇ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਛੱਤ ਉੱਪਰੋਂ ਜਾ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਵਿੱਚ ਫਸੀ ਪਤੰਗ ਕੱਢਣ ਲਈ ਆਪਣੀ ਛੱਤ ਤੋਂ ਇਕ ਲੋਹੇ ਦੀ ਰਾਡ ਚੁੱਕੀ ਅਤੇ ਉਸ ਪਤੰਗ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਰਾਡ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਈ ਤੇ ਇਕ ਜ਼ੋਰਦਾਰ ਧਮਾਕੇ ਨਾਲ ਦੋਵੇਂ ਬੱਚੇ ਬੁਰੀ ਤਰ੍ਹਾਂ ਝੁਲਸੇ ਗਏ। ਪਰਿਵਾਰ ਵਾਲੇ ਅੰਕੁਰ ਨੂੰ ਸਿਵਲ ਹਸਪਤਾਲ ਤੇ ਸ਼ੁਭਮ ਨੂੰ ਮੈਟਰੋ ਹਸਪਤਾਲ ਇਲਾਜ ਲਈ ਲੈ ਗਏ। ਡਾਕਟਰਾਂ ਨੇ ਅੰਕੁਰ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।