ਜਸਬੀਰ ਸਿੰਘ ਚਾਨਾ
ਫਗਵਾੜਾ, 5 ਦਸੰਬਰ
ਅੱਜ ਸ਼ਾਮ ਇੱਥੋਂ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਚ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ (30) ਪਤਨੀ ਕੁਲਬੀਰ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਲੜਕੀ ਦੀ ਸ਼ਾਦੀ ਤਿੰਨ ਸਾਲ ਪਹਿਲਾਂ ਹੋਈ ਸੀ, ਉਸ ਦੇ ਦੋ ਸਾਲਾਂ ਦੀ ਪੁੱਤਰੀ ਵੀ ਹੈ। ਅੱਜ ਸ਼ਾਮ ਉਸ ਦੀ ਅਚਾਨਕ ਮੌਤ ਦਾ ਰੌਲਾ ਪੈ ਗਿਆ ਤੇ ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਇਸ ਮੌਤ ’ਤੇ ਲੜਕੀ ਦੀ ਤਾਈ ਬਲਵਿੰਦਰ ਕੌਰ ਦਾ ਦੋਸ਼ ਹੈ ਕਿ ਉਸ ਨੂੰ ਸਹੁਰੇ ਪਰਿਵਾਰ ਨੇ ਜਾਣਬੁੱਝ ਕੇ ਮਾਰਿਆ ਹੈ। ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਘਟਨਾ ਸਬੰਧੀ ਸੂਚਨਾ ਮਿਲਦੇ ਸਾਰ ਐੱਸਐੱਚਓ ਸਿਟੀ ਨਵਦੀਪ ਸਿੰਘ ਪੁੱਜ ਗਏ ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਵੱਲੋਂ ਲਾਸ਼ ਚੁੱਕਣ ਸਮੇਂ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਗੱਲ ਤੋਂ ਬਾਅਦ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਤੇ ਪੁਲੀਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।