ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਇੱਥੋਂ ਦੇ ਟੈਗੋਰ ਨਗਰ ਵਿੱਚ ਵਾਪਰੀ ਦਿਲ ਕੰਬਾਊ ਘਟਨਾ ਵਿੱਚ ਇੱਕ ਵਿਅਕਤੀ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੜਕ ’ਤੇ ਡਿੱਗ ਪਿਆ। ਸਿਵਲ ਹਸਪਤਾਲ ਵਿੱਚ ਬੁਰੀ ਤਰ੍ਹਾਂ ਝੁਲਸੇ ਇਸ ਪੀੜਤ ਵਿਅਕਤੀ ਨੇ ਅੱਜ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ੳੇਰੁਫ ਰਾਜੂ ਵਾਸੀ ਟੈਗੋਰ ਨਗਰ ਵਜੋਂ ਹੋਈ ਜੋ ਟਿਊਸ਼ਨਾਂ ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਟੈਗੋਰ ਨਗਰ ਵਿੱਚ ਲੰਘੇ ਸ਼ੁੱਕਰਵਾਰ ਵਾਪਰੀ ਸੀ ਜਦੋਂ ਲੋਕਾਂ ਨੇ ਦੇਰ ਰਾਤ ਇੱਕ ਵਿਅਕਤੀ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰੇ ਹੋਏ ਨੂੰ ਸੜਕ ’ਤੇ ਦੌੜਦਿਆ ਦੇਖਿਆ। ਇਹ ਦ੍ਰਿਸ਼ ਦੇਖ ਕੇ ਲੋਕ ਇੱਕਠੇ ਹੋਏ ਗਏ। ਲੋਕਾਂ ਨੇ ਅੱਗ ਦੀਆਂ ਲਪਟਾਂ ਵਿੱਚ ਘਿਰੇ ਰਾਜੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬੁਰੀ ਤਰ੍ਹਾਂ ਝੁਲਸੇ ਰਾਜੇਸ਼ ਉਰਫ ਰਾਜੂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝਲੱਦਾ ਹੋਇਆ ਦਮ ਤੋੜ ਗਿਆ। ਮਰਨ ਤੋਂ ਪਹਿਲਾਂ ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਸ ਦੇ ਭਰਾਵਾਂ ਤੇ ਭਰਜਾਈਆਂ ਨੇ ਉਸ ਨੂੰ ਪੈਟਰੋਲ ਪਾ ਕੇ ਅੱਗ ਲਾਈ ਸੀ। ਜਦ ਕਿ ਥਾਣਾ ਨੰਬਰ ਪੰਜ ਦੇ ਐਸਐਚਓ ਨੇ ਦਾਅਵਾ ਕੀਤਾ ਕਿ ਪ੍ਰਾਪਤ ਫੁਟੇਜ ਅਨੁਸਾਰ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਆਪ ਹੀ ਅੱਗ ਲਾਈ ਸੀ। ਪੁਲੀਸ ਨੇ ਦੱਸਿਆ ਕਿ ਰਾਜੂ ਦੇ ਵਿਆਹ ਨੂੰ 7 ਸਾਲ ਬੀਤ ਚੁੱਕੇ ਸਨ। ਤਿੰਨ ਸਾਲ ਤੋਂ ਉਸ ਦਾ ਪਤਨੀ ਨਾਲ ਅਦਾਲਤ ’ਚ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ। ਪਤਨੀ ਦੇ ਨਾਲ ਚੱਲ ਰਹੇ ਕੇਸ ਸਬੰਧੀ ਰਾਜੂ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ 4 ਸਾਲ ਦਾ ਬੱਚਾ ਵੀ ਹੈ। ਮਿ੍ਤਕ ਰਾਜੇਸ਼ ਦੀ ਮਾਂ ਦੇ ਬਿਆਨਾਂ ’ਤੇ ਦੋ ਭਾਰਵਾਂ ਤੇ ਇੱਕ ਭਰਜਾਈ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।