ਜਸਬੀਰ ਸਿੰਘ ਚਾਨਾ
ਫਗਵਾੜਾ, 31 ਮਾਰਚ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪੈਂਦੇ ਪਿੰਡ ਜਗਜੀਤਪੁਰ ਲਾਗੇ ਅੱਜ ਸ਼ਾਮ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਜਦੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ (33) ਪੁੱਤਰ ਗੁਰਦੇਵ ਸਿੰਘ ਵਾਸੀ ਹਰਬੰਸਪੁਰਾ ਵਜੋਂ ਹੋਈ ਹੈ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮ੍ਰਿਤਕ ਦੇ ਵਾਰਸਾਂ ਨੇ ਡਾਕਟਰਾਂ ’ਤੇ ਦੋਸ਼ ਲਗਾਇਆ ਕਿ ਇਨ੍ਹਾਂ ਦੀ ਲਾਪਰਵਾਹੀ ਕਾਰਨ ਮੌਤ ਹੋਈ ਹੈ, ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰਾਂ ਨੇ ਜ਼ਖਮੀ ਦਾ ਮੌਕੇ ’ਤੇ ਢੁੱਕਵੇਂ ਸਮੇਂ ਇਲਾਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਮਰਜੀਤ ਨੂੰ ਜਦੋਂ ਹਸਪਤਾਲ ਲਿਆਂਦਾ ਤਾਂ ਉਸ ਦੇ ਸਾਹ ਚੱਲ ਰਹੇ ਸਨ ਤੇ ਉਸ ਦੇ ਸਿਰਫ਼ ਰਗੜਾਂ ਹੀ ਲੱਗੀਆਂ ਸਨ ਜਦਕਿ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਰੋਸ ਵਜੋਂ ਪਹਿਲਾਂ ਉਨ੍ਹਾਂ ਸਿਵਲ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਧਰਨਾ ਲਾ ਦਿੱਤਾ ਪਰ ਮੌਕੇ ’ਤੇ ਕੋਈ ਵੀ ਅਧਿਕਾਰੀ ਦੇ ਨਾ ਪੁੱਜਣ ਕਰਕੇ ਉਹ ਲਾਸ਼ ਚੁੱਕ ਕੇ ਸ਼ੂਗਰ ਮਿੱਲ ਚੌਕ ’ਚ ਲੈ ਗਏ ਜਿਥੇ ਉਨ੍ਹਾਂ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜੀ.ਟੀ.ਰੋਡ ਜਾਮ ਕਰ ਦਿੱਤਾ। ਮੌਕੇ ’ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਡੀ.ਐੱਸ.ਪੀ. ਅਛਰੂ ਰਾਮ ਸ਼ਰਮਾ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਮੰਨ ਨਹੀਂ ਰਹੇ ਸਨ ਜਿਸ ਕਾਰਨ ਕਰੀਬ 10.15 ਵਜੇ ਤੱਕ ਧਰਨਾ ਜਾਰੀ ਹੈ।