ਜਗਜੀਤ ਸਿੰਘ
ਮੁਕੇਰੀਆਂ, 18 ਜੁਲਾਈ
ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ ਨੇ ਕਿਸਾਨੀ ਮਸਲਿਆਂ ਸਮੇਤ, ਟੁੱਟੀਆਂ ਸੜਕਾਂ ਦੀ ਮੁਰੰਮਤ ਨਾ ਕਰਨ ਤੇ ਬਿਜਲੀ ਸਪਲਾਈ ਲਾਈਨਾਂ ਵਿੱਚ ਸੁਧਾਰ ਨਾ ਲਿਆਉਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਦੀ ਮੀਟਿੰਗ ਕਸਬਾ ਭੰਗਾਲਾ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਮਾਸਟਰ ਪ੍ਰੀਤਮ ਸਿੰਘ ਡੁੱਗਰੀ ਅਤੇ ਮੱਖਣ ਸਿੰਘ ਨਾਹਰਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਲਕਾਰ ਸਿੰਘ ਮੱਲੀ, ਜ਼ੋਨ ਪ੍ਰਧਾਨ ਨਿਰਮਲ ਸਿੰਘ ਥੇਹਬਰਨਾਲਾ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿੰਘਪੁਰ ਤੇ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਕਿਹਾ ਕਿ ਇਲਾਕੇ ਦੇ ਲੋਕ ਖਾਦ ਦੀ ਕਿੱਲਤ ਨਾਲ ਜੂਝ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸਦਾ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਸਰਕਾਰ ਵੱਲੋਂ ਪੈਂਡਿੰਗ ਪਈਆਂ ਕੈਟਲ ਸ਼ੈੱਡਾਂ ਬਣਾਉਣ ਲਈ ਅਵੇਸਲਾਪਨ ਦਿਖਾਇਆ ਜਾ ਰਿਹਾ ਹੈ। ਕਿਸਾਨਾਂ ਕੋਲੋਂ ਇਸ ਮੰਤਵ ਲਈ 1000 ਰੁਪਏ ਤਾਂ ਜਮ੍ਹਾਂ ਕਰਵਾ ਲਏ ਗਏ, ਪਰ ਸ਼ੈੱਡਾਂ ਦੇ ਨਿਰਮਾਣ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਲਕੇ ਦੀਆਂ ਨਵਾਂ ਭੰਗਾਲਾਂ ਤੋਂ ਮੰਝਪੁਰ, ਅਰਥੇਵਾਲ ਤੋਂ ਭੰਗਾਲਾ ਭੰਗਾਲਾ ਤੋਂ ਬਹਬਿਲਮੰਜ ਸੜਕਾਂ ਜਿਸ ਨਾਲ ਦਰਜਨਾ ਪਿੰਡ ਜੁੜੇ ਹੋਏ ਹਨ, ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪੁਰਾਣਾ ਭੰਗਾਲਾਂ ਦੇ ਸਾਹਮਣੇ ਗੜੀ ਤੋਂ ਜੰਡਵਾਲ ਤੱਕ ਕੱਚੀ ਸੜਕ ਪੱਕਾ ਕੀਤਾ ਜਾਵੇ। ਸਿੰਘਪੁਰ ਜੱਟਾਂ ਤੋਂ ਬਰਨਾਲਾ ਸੁੰਦਰਪੁਰ, ਭਾਗੜਾਂ, ਕੌਲਪੁਰ, ਸਿੰਘਪੁਰ ਤਰਖਾਣਾਂ ਅਤੇ ਬੱਸ ਸਟੈਂਡ ਸਿੰਘਪੁਰ ਸਕੂਲ ਨੂੰ ਜੋੜਦੀ ਸੜਕ ’ਤੇ ਬਰਨਾਲਾ ਪੱਤੀ ਕੋਲ ਨਿਕਾਸੀ ਪਾਣੀ ਨੂੰ ਰੋਕਿਆ ਜਾਵੇ। ਪਿੰਡ ਧੌਲਾ ਖੇੜਾ, ਨਾਹਰਪੁਰ, ਲੰਡੇ, ਡੁੱਗਰੀ ਅਤੇ ਮਹਿਮੂਦਪੁਰ ਦੀਆਂ ਬਿਜਲੀ ਸਪਲਾਈ ਲਾਈਨਾਂ ਠੀਕ ਕੀਤੀਆ ਜਾਣ। ਨਰੇਗਾ ’ਚ ਲੰਬੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਦੇ ਜਲਦੀ ਪਹਿਚਾਣ ਪੱਤਰ ਬਣਾਕੇ ਦਿੱਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਲਈ ਠੋਸ ਯਤਨ ਨਾ ਕੀਤੇ ਤਾਂ ਪੰਜਾਬ ਦੀਆ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਲੋਕ ਭਲਾਈ ਸੰਸਥਾਵਾਂ ਨੂੰ ਨਾਲ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਛੇੜਿਆ ਜਾਵੇਗਾ।
ਇਸ ਮੌਕੇ ਜਥੇਬੰਦੀ ਦੇ ਪ੍ਰੈਸ ਸਕੱਤਰ ਸਾਬਕਾ ਸਰਪੰਚ ਕੁਲਦੀਪ ਸਿੰਘ, ਮੱਖਣ ਸਿੰਘ ਨਾਹਰਪੁਰ, ਰਸਪਾਲ ਸਿੰਘ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ ਲੰਬੜ, ਨਾਨਕ ਸਿੰਘ, ਬਲਵੰਤ ਰਾਜ ਪੁਰਾਣਾ ਭੰਗਾਲਾਂ, ਮਹਿੰਦਰ ਸਿੰਘ ਕੋਲੀਆਂ, ਹਰਜੀਤ ਸਿੰਘ ਹਿਯਾਤਪੁਰ, ਕਸਮੀਰ ਸਿੰਘ ਸਿੰਘਪੁਰ ਆਦਿ ਵੀ ਹਾਜ਼ਰ ਸਨ।