ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 7 ਜੁਲਾਈ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ ਜਲੰਧਰ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪਰਵਾਸੀ ਸ਼ਾਇਰਾ ਡਾ. ਗੁਰਿੰਦਰ ਗਿੱਲ ਦੀ ਪੁਸਤਕ ‘ਫਕੀਰੀ ਰਮਜ਼ਾਂ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸੇਵਾਮੁਕਤ ਰਾਜਦੂਤ ਰਮੇਸ਼ ਚੰਦਰ ਸਨ। ਪਰਵਾਸੀ ਸ਼ਾਇਰ ਅਜੀਤ ਸਿੰਘ ਸੁੰਦਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੂਪੁਰ (ਜਲੰਧਰ) ਦੇ ਪ੍ਰਧਾਨ ਗੁਰਦੇਵ ਸਿੰਘ ਨਿੱਜਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੁਰਿੰਦਰ ਗਿੱਲ ਦੀ ‘ਫਕੀਰੀ ਰਮਜ਼ਾਂ’ ਪੁਸਤਕ ’ਤੇ ਪ੍ਰੋ. ਮਲਕੀਤ ਜੌੜਾ ਨੇ ਪਰਚਾ ਪੜ੍ਹਦਿਆਂ ਇਸ ਪੁਸਤਕ ਦੀਆਂ ਕਵਿਤਾਵਾਂ ਨੂੰ ਸਮਾਜਕ ਕੁਰੀਤੀਆਂ ’ਤੇ ਵਦਾਣੀ ਚੋਟ ਦੱਸਿਆ। ਡਾ. ਰੀਨਾ ਵਿਰਦੀ ਨੇ ਕਵਿੱਤਰੀ ਵਲੋਂ ਔਰਤ ਜਾਤੀ ਦੀਆਂ ਸਮੱਸਿਆਵਾਂ ਨੂੰ ਉਭਾਰਨ ਅਤੇ ਉਨ੍ਹਾਂ ਦੇ ਦਰਸਾਏ ਸੁਖਾਵੇਂ ਹੱਲ ਨੂੰ ਆਪਣੇ ਪਰਚੇ ਵਿੱਚ ਸਮੇਟਿਆ। ਸਭਾ ਦੇ ਪ੍ਰਧਾਨ ਰੂਪ ਲਾਲ ਰੂਪ ਅਤੇ ਹਰਮੀਤ ਸਿੰਘ ਅਟਵਾਲ ਨੇ ਕਿਹਾ ਕਿ ‘ਫਕੀਰੀ ਰਮਜ਼ਾਂ ‘ ਪੁਸਤਕ ਔਰਤਾਂ ਵਿੱਚ ਸਵੈਮਾਨ ਭਰਨ ਦੀ ਸਮਰੱਥਾ ਰੱਖਦੀ ਹੈ। ਇਸ ਸਮਾਗਮ ਦੇ ਦੂਸਰੇ ਦੌਰ ਵਿੱਚ ਕਵੀਆਂ ਆਸ਼ੀ ਈਸਪੁਰੀ, ਪ੍ਰਿੰ. ਅਸ਼ੋਕ ਪਰਮਾਰ, ਪ੍ਰੋ. ਮਲਕੀਤ ਜੌੜਾ ਤੇ ਪ੍ਰਿੰ. ਨਵਤੇਜ ਸਿੰਘ ਆਦਿ ਨੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ।