ਪਾਲ ਸਿੰਘ ਨੌਲੀ
ਜਲੰਧਰ, 7 ਜੁਲਾਈ
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਜ਼ਿਲਾ ਜਲੰਧਰ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ ਦੀ ਅਗਵਾਈ ਹੇਠ ਸਥਾਨਕ ਕੰਪਨੀ ਬਾਗ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੇ ਆਗੂ ਗੁਰਜੀਤ ਕੌਰ, ਮਨਦੀਪ ਕੌਰ ਸੰਧੂ ਤੇ ਅਮ੍ਰਿਤਪਾਲ ਕੌਰ ਨੇ ਕਿਹਾ ਕਿ ਰੋਸ ਵਜੋਂ ਸਮੁੱਚੀਆਂ ਵਰਕਰਾਂ 9,10 ਅਤੇ 11 ਜੁਲਾਈ ਨੂੰ ਸਮੂਹ ਕੰਮਾਂ ਦਾ ਬਾਈਕਾਟ ਕਰਕੇ ਮੁਕੰਮਲ ਹੜਤਾਲ ਕਰਨਗੀਆਂ। ੳਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਇਨਸੈਂਟਿਵਾਂ ਅਤੇ ਮਾਣ ਭੱਤੇ ਦੀ ਜਗ੍ਹਾ ਫਿਕਸ ਤਨਖਾਹਾਂ ਦਿੱਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਡੈਮੋਕਰੈਟਿਕ ਮੁਲਾਜਮ ਫੈਡਰੈਸਨ (ਡੀਈਐਫ) ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਕਥਿਤ ਨਾਂਹ ਪੱਖੀ ਵਤੀਰੇ ਖਿਲਾਫ਼ ਅੱਜ ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਅੱਜ ਰੈਲੀ ਕੀਤੀ| ਜਥੇਬੰਦੀ ਦੇ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਚੌਕ ਬੋਹੜੀ ਜਾ ਕੇ ਸਰਕਾਰ ਦੀ ਅਰਥੀ ਸਾੜੀ| ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਨਛੱਤਰ ਸਿੰਘ ਤਰਨ ਤਾਰਨ ਨੇ ਸੰਬੋਧਨ ਕੀਤਾ| ਬੁਲਾਰਿਆਂ ਮਿਡ-ਡੇ-ਮੀਲ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਤੇ ਘੱਟੋ ਘੱਟ ਉਜਰਤਾਂ ਦਾ ਅਸੂਲ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕੀਤੇ ਜਾਣ ਦੀ ਮੰਗ ਕੀਤੀ|
ਬਟਾਲਾ (ਦਲਬੀਰ ਸੱਖੋਵਾਲੀਆ): ਡੈਮੋਕ੍ਰੈਟਿਕ ਮੁਲਾਜ਼ਮ ਫਰੰਟ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੂਤਲਾ ਫੂਕਿਆ। ਇਸ ਮੌਕੇ ਮੁਲਾਜ਼ਮ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਸੀਨੀਅਰ ਆਗੂ ਉਪਕਾਰ ਸਿੰਘ ਵਡਾਲਾ ਬਾਂਗਰ ਹਾਜ਼ਰ ਸਨ।