ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਸਤੰਬਰ
ਡੇਰਾ ਬਾਬਾ ਮੁਰਾਦਸ਼ਾਹ ਦੇ ਗੱਦੀਨਸ਼ੀਨ ਰਹੇ ਸਾਈਲਾਡੀ ਸ਼ਾਹ ਵਿਰੁੱਧ ਅੱਪਸ਼ਬਦ ਬੋਲਣ ਵਾਲੇ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੇਵਾਦਾਰਾਂ ਨੇ ਅੱਜ ਨਕੋਦਰ ’ਚ ਸੜਕ `ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਈਲਾਡੀ ਸ਼ਾਹ ਵਿਰੁੱਧ ਅਪੱਸ਼ਬਦ ਬੋਲਣ ਵਾਲੇ ਅਕਾਲੀ ਆਗੂ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਸੀ ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪੁਲੀਸ ਵੱਲੋਂ ਦਿਖਾਈ ਜਾ ਰਹੀ ਢਿੱਲਮੱਠ ਨੂੰ ਲੈ ਕੇ ਸੇਵਾਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਕਰਕੇ ਸੜਕ `ਤੇ ਆਵਾਜਾਈ ਰੋਕ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਮੁਰਦਸ਼ਾਹ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ `ਤੇ ਸਿੱਖ ਜੱਥੇਬੰਦੀਆਂ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਸਾਈ ਲਾਡੀ ਸ਼ਾਹ ਦੀ ਦੀ ਤੁਲਨਾ ਗੁਰੂ ਅਮਰਦਾਸ ਜੀ ਨਾਲ ਕੀਤੀ ਹੈ। ਇਸ ਮਾਮਲੇ ਵਿੱਚ ਗੁਰਦਾਸ ਮਾਨ ਨੇ ਮੁਆਫੀ ਵੀ ਮੰਗ ਲਈ ਸੀ ਇਸ ਦੇ ਬਾਵਜੂਦ ਉਸ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ। ਰੋਸ ਪ੍ਰਗਟਾਉਣ ਵਾਲੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਜੇ ਮੁਆਫ਼ੀ ਮੰਗਣ ਦੇ ਬਾਵਜੂਦ ਗੁਰਦਾਸ ਮਾਨ ’ਤੇ ਕੇਸ ਦਰਜ ਕੀਤਾ ਜਾ ਸਕਦਾ ਹੈ ਤਾਂ ਡੇਰੇ ਦੇ ਗੱਦੀਨਸ਼ੀਨ ਰਹੇ ਲਾਡੀ ਸ਼ਾਹ ਵਿਰੁੱਧ ਅਪਸ਼ਬਦ ਬੋਲਣ ਵਾਲੇ ਅਕਾਲੀ ਆਗੂ ਪਰਮਜੀਤ ਸਿੰਘ ਵਿਰੁੱਧ ਕੇਸ ਦਰਜ ਕਿਉਂ ਨਹੀਂ ਹੋ ਸਕਦਾ। ਸੇਵਾਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਅਕਾਲੀ ਆਗੂ ’ਤੇ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਹੋਰ ਸਖਤ ਐਕਸ਼ਨ ਕਰਨ ਬਾਰੇ ਫੈਸਲਾ ਲੈਣ ਲਈ ਮਜ਼ਬੂਰ ਹੋ ਜਾਣਗੇ।