ਪੱਤਰ ਪ੍ਰੇਰਕ
ਗੜ੍ਹਸ਼ੰਕਰ, 13 ਜੁਲਾਈ
ਸੰਘਰਸ਼ ਕਮੇਟੀ ਗੜ੍ਹਸ਼ੰਕਰ ਵੱਲੋਂ ਕੰਢੀ ਨਹਿਰ ਦੀ ਮੁਰੰਮਤ ਜਲਦ ਮੁਕੰਮਲ ਕਰਵਾਉਣ, ਕੰਢੀ ਇਲਾਕੇ ਨੂੰ ਸਿੰਜਾਈ ਵਾਲਾ ਪਾਣੀ ਦੇਣ, ਪਟੜੀ ਪੱਕੀ ਕਰਵਾਉਣ ਅਤੇ ਇਸ ਪਟੜੀ ਤੋਂ ਨਾਜਾਇਜ਼ ਮਾਈਨਿੰਗ ਸਮੱਗਰੀ ਲੈ ਕੇ ਲੰਘਦੇ ਓਵਰਲੋਡਿਡ ਟਿੱਪਰ ਟਰਾਲੀਆਂ ਬੰਦ ਕਰਵਾਉਣ ਦੀ ਮੰਗ ਲਈ ਚੌਧਰੀ ਅੱਛਰ ਸਿੰਘ ਦੀ ਅਗਵਾਈ ਹੇਠ ਗਾਂਧੀ ਪਾਰਕ ਵਿੱਚ ਨਹਿਰੀ ਵਿਭਾਗ ਦੇ ਐਕਸੀਅਨ ਹੈਪੀ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਮੇਟੀ ਦੇ ਸੂਬਾ ਕਨਵੀਨਰ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ 44 ਸਾਲ ਬਾਅਦ ਇਲਾਕੇ ਨੂੰ ਇਸ ਕੰਢੀ ਨਹਿਰ ਦਾ ਪਾਣੀ ਨਸੀਬ ਹੋਣ ਜਾ ਰਿਹਾ ਸੀ ਪਰ ਕੰਢੀ ਨਹਿਰ ਲਈ ਵਰਤਿਆ ਜਾਣ ਵਾਲਾ ਮੈਟੀਰੀਅਲ ਘਟੀਆ ਹੋਣ ਕਾਰਨ ਨਹਿਰ ਪਹਿਲੀ ਬਾਰਿਸ਼ ਨਾਲ ਹੀ ਟੁੱਟ ਗਈ ਜਿਸ ਨਾਲ ਇਲਾਕੇ ਦੇ ਕਈ ਪਿੰਡਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਪਿੰਡ ਰਾਮਪੁਰ, ਬਿਲੜੋਂ, ਹਾਜੀਪੁਰ, ਬੀਰਮਪੁਰ, ਖਾਨਪੁਰ ਆਦਿ ਵਿੱਚ ਹੜ੍ਹਾਂ ਦੇ ਆਉਣ ਦਾ ਕਾਰਨ ਇਲਾਕੇ ਦੀ ਨਾਜਾਇਜ਼ ਮਾਇਨਿੰਗ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਢੀ ਨਹਿਰ ਦੀ ਮੁਰੰਮਤ ਸੁਚੱਜੇ ਢੰਗ ਅਤੇ ਵਧੀਆ ਮਟੀਰੀਅਲ ਨਾਲ ਕੀਤੀ ਜਾਵੇ| ਇਸ ਮੌਕੇ ਰਿਟਾਇਰਡ ਕੈਪਟਨ ਕਰਨੈਲ ਸਿੰਘ, ਦੇਵ ਪ੍ਰਕਾਸ਼, ਬੀਬੀ ਸੁਭਾਸ਼ ਮੱਟੂ, ਚਰਨਜੀਤ ਸਿੰਘ, ਅਵਤਾਰ ਸਿੰਘ ਤੇ ਦਵਿੰਦਰ ਸਿੰਘ ਹਾਜ਼ਰ ਸਨ|