ਜਗਜੀਤ ਸਿੰਘ
ਮੁਕੇਰੀਆਂ, 9 ਸਤੰਬਰ
ਸਿਵਲ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਤੌਰ ’ਤੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਦਿਆਂ ਦੀ ਵਾਇਰਲ ਵੀਡੀਓ ਦੀ ਜਾਂਚ ਟੀਮ ’ਚ ਦੋ ਜੂਨੀਅਰ ਡਾਕਟਰਾਂ ਅਤੇ ਕਥਿਤ ਸ਼ੱਕੀ ਡਾਕਟਰਾਂ ਦੇ ਸਹਿ ਕਰਮੀ ਨੂੰ ਸ਼ਾਮਲ ਕਰਨ ’ਤੇ ‘ਆਪ’ ਆਗੂ ਸੁਲੱਖਣ ਜੱਗੀ ਨੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਉਮੀਦਵਾਰ ਰਹੇ ਜੱਗੀ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ।
ਵਾਇਰਲ ਵੀਡੀਓ ਬਾਰੇ ਸਿਵਲ ਸਰਜਨ ਨੇ ਮੁਕੇਰੀਆਂ ਦੇ ਐੱਸਐੱਮਓ ਡਾ. ਰਮਨ ਕੁਮਾਰ ਕੋਲੋਂ ਜਾਂਚ ਰਿਪੋਰਟ ਮੰਗੀ ਹੈ। ਐੱਸਐੱਮਓ ਨੇ ਜਾਂਚ ਲਈ ਤਿੰਨ ਮੈਂਬਰੀ ਟੀਮ ਬਣਾਈ ਹੈ ਅਤੇ ਇਸ ਦੀ ਅਗਵਾਈ ਉਹ ਖੁਦ ਕਰ ਰਹੇ ਹਨ। ਟੀਮ ’ਚ ਪਹਿਲਾਂ ਹੀ ਦੋਸ਼ਾਂ ਦਾ ਸਾਹਮਣਾ ਕਰ ਰਹੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਸਮੇਤ ਇੱਕ ਹੋਰ ਜੂਨੀਅਰ ਡਾਕਟਰ ਅਤੇ ਸ਼ੱਕੀ ਡਾਕਟਰਾਂ ਦੇ ਸਹਿ ਕਰਮੀ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਇਸ ਦੀ ਜਾਂਚ ਵਿਜੀਲੈਂਸ ਨੂੰ ਸੌਂਪਣ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਦੇ ਨਿੱਜੀ ਹਸਪਤਾਲਾਂ ’ਚ ਪਿਛਲੇ ਦੋ ਸਾਲਾਂ ਵਿੱਚ ਹੋਏ ਅਪਰੇਸ਼ਨਾਂ ਅਤੇ ਬੇਹੋਸ਼ੀ ਦਾ ਇੰਜੈਕਸ਼ਨ ਲਾਉਣ ਵਾਲੇ ਡਾਕਟਰਾਂ ਦਾ ਮੁਕੰਮਲ ਡੇਟਾ ਖੰਗਾਲਿਆ ਜਾਵੇ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਜਾਂਚ ਰਿਪੋਰਟ ਮਿਲਣ ਮਗਰੋਂ ਕੀਤੀ ਜਾਵੇਗੀ ਕਾਰਵਾਈ: ਸਿਵਲ ਸਰਜਨ
ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਕਿਹਾ ਕਿ ਜਾਂਚ ਟੀਮ ਐੱਸਐੱਮਓ ਨੇ ਗਠਿਤ ਕੀਤੀ ਹੈ ਅਤੇ ਇਸ ਦੇ ਮੈਂਬਰਾਂ ਬਾਰੇ ਉਹ ਅਣਜਾਣ ਹਨ। ਉਹ ਜਾਂਚ ਰਿਪੋਰਟ ਉਡੀਕ ਰਹੇ ਹਨ। ਰਿਪੋਰਟ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।