ਗੁਰਮੀਤ ਖੋਸਲਾ
ਸ਼ਾਹਕੋਟ, 29 ਅਪਰੈਲ
ਫਿਰਕੂ ਤਾਕਤਾਂ ਵੱਲੋਂ ਦੇਸ਼ ਭਰ ਵਿਚ ਮੁਸਲਿਮ, ਇਸਾਈਆਂ, ਦਲਿਤਾਂ ਅਤੇ ਹੋਰਨਾਂ ਤਬਕਿਆਂ ’ਤੇ ਕੀਤੇ ਜਾ ਰਹੇ ਫਿਰਕੂ ਹਮਲਿਆਂ ਦੇ ਖ਼ਿਲਾਫ਼ ਮੁਸਲਿਮ ਵੈੱਲਫੇਅਰ ਮੂਵਮੈਂਟ ਆਫ ਇੰਡੀਆ ਅਤੇ ਨੌਜਵਾਨ ਸਭਾ ਨੇ ਮੁਜ਼ਾਹਰਾ ਕੀਤਾ। ਇਸ ਦੌਰਾਨ ਤਹਿਸੀਲਦਾਰ ਨਕੋਦਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਫਿਰਕੂ ਹਿੰਸਾ ਰੋਕਣ ਦੀ ਅਪੀਲ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਮੁਹੰਮਦ ਖਾਲਿਦ ਖਾਨ ਅਤੇ ਜਸਕਰਨ ਆਜ਼ਾਦ ਨੇ ਕਿਹਾ ਕਿ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦੀ ਸ਼ਹਿ ’ਤੇ ਫਿਰਕੂ ਅਨਸਰ ਯੋਜਨਾਬੱਧ ਢੰਗ ਨਾਲ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਘਰਾਂ, ਮਸਜਿਦਾਂ ਅਤੇ ਗਿਰਜਾ ਘਰਾਂ ’ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਅੰਦਰ ਡਰ ਪੈਦਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਫਿਰਕੂ ਹਿੰਸਾ ਦਾ ਰਾਹ ਤਿਆਗ ਕੇ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਸ਼ਮੀਰ ਮੰਡਿਆਲਾ, ਸ਼ਬੀਰ ਖਾਨ, ਮੰਗਲਜੀਤ ਪੰਡੋਰੀ, ਸਹਿਵਾਗ ਖਾਨ, ਵਰਜੀਤ ਕੌਰ, ਸਾਜਿਦ ਖਾਨ ਅਤੇ ਪ੍ਰੀਤਮ ਨੇ ਇਕੱਠ ਨੂੰ ਸੰਬੋਧਨ ਕੀਤਾ।