ਸ਼ਾਹਕੋਟ: ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਰਿਹਾਇਸ਼ੀ ਪਲਾਟ ਲੈਣ ਅਤੇ ਹੋਰ ਮੰਗਾਂ ਨੂੰ ਮਨਵਾਉਣ ਲਈ ਮਲਸੀਆਂ ਅਤੇ ਰਸੂਲਪੁਰ ਕਲਾਂ ਵਿਚ ਮੁਜ਼ਾਹਰੇ ਕੀਤੇ। ਇਸ ਮੌਕੇ ਮਜ਼ਦੂਰ ਇਕੱਠਾਂ ਨੂੰ ਮੋਰਚੇ ਦੇ ਆਗੂ ਸੁਖਜਿੰਦਰ ਲਾਲੀ, ਸੁਰਿੰਦਰ ਟੋਨੀ, ਪਾਲ ਰਸੂਲਪੁਰੀ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਹੋਰ ਮੰਨੀਆਂ ਮੰਗਾਂ ਸਬੰਧੀ ਜਾਰੀ ਚਿੱਠੀਆਂ ਨੂੰ ਵੀ ਅਮਲ ਵਿਚ ਨਹੀਂ ਲਿਆਂਦਾ ਗਿਆ। ਜਿਨ੍ਹਾਂ ਪਿੰਡਾਂ ਵਿਚ ਰਿਹਾਇਸ਼ੀ ਪਲਾਟ ਦੇਣ ਲਈ ਪੰਚਾਇਤਾਂ ਵੱਲੋਂ ਮਤੇ ਵੀ ਪਾਏ ਜਾ ਚੁੱਕੇ ਹਨ, ਉੱਥੇ ਵੀ ਅਧਿਕਾਰੀ ਪਲਾਟ ਦੇਣ ਵਿਚ ਅੜਿੱਕੇ ਖੜ੍ਹੇ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਕੇ ਖੇਤ ਮਜ਼ਦੂਰਾਂ ਵਿਚ ਪਾਏ ਜਾ ਰਹੇ ਅਸੰਤੋਸ਼ ਨੂੰ ਖਤਮ ਕੀਤਾ ਜਾਵੇ। -ਪੱਤਰ ਪ੍ਰੇਰਕ