ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਦਸੰਬਰ
ਪਿੰਡ ਮੁੱਖੋ ਮਜਾਰਾ ਨਾਲ ਸਬੰਧਤ ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰ ਜਿਨ੍ਹਾਂ ਨੂੰ ਬੈਂਕ ਵਲੋਂ ਕਰਜ਼ਿਆਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ, ਨੇ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਪੱਪੀ ਦੀ ਅਗਵਾਈ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ ਦੱਸਿਆ ਕਿ ਲੱਖਾਂ ਰੁਪਏ ਦੇ ਕਰਜ਼ੇ ਜੋ ਉਨ੍ਹਾਂ ਨੇ ਲਏ ਵੀ ਨਹੀਂ, ਪਰ ਬੈਂਕ ਵਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੈਲਫ਼ ਹੈਲਪ ਗਰੁੱਪਾਂ ਨੂੰ ਚਲਾਉਣ ਵਾਲੀ ਔਰਤ ਨੇ ਗਰੁੱਪਾਂ ਦੇ ਨਾਂ ’ਤੇ ਬੈਂਕਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਤੇ ਆਪ ਰਫ਼ੂਚੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪਾਸ ਬੁੱਕ ਅਤੇ ਚੈਕ ਬੁੱਕ ਵੀ ਉਹ ਔਰਤ ਆਪਣੇ ਨਾਲ ਲੈ ਗਈ ਹੈ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਧਾਰਮਿਕ ਗੁਰੂਆਂ ਅਤੇ ਸੰਤਾਂ ਦੇ ਨਾਂ ’ਤੇ ਸੈਲਫ਼ ਹੈਲਪ ਗਰੁੱਪ ਬਣਾਉਣ ’ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸੈਲਫ਼ ਹੈਲਪ ਗਰੁੱਪਾਂ ਦੇ ਨਾਂ ’ਤੇ ਲੱਖਾਂ ਰੁਪਏ ਹੜੱਪਣ ਵਾਲੀ ਗਰੁੱਪਾਂ ਦੀ ਆਗੂ ਅਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਾਰੇ ਪੈਸੇ ਵਸੂਲ ਕੀਤੇ ਜਾਣ। ਇਸ ਮੌਕੇ ਸੁਖਵਿੰਦਰ ਸਿੰਘ ਸਹੋਤਾ, ਅਵਤਾਰ ਸਿੰਘ, ਮਨਜੀਤ ਕੌਰ, ਕੁਲਵੰਤ ਕੌਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਗਿਆਨ ਕੌਰ, ਬਲਵਿੰਦਰ ਕੌਰ, ਬਬਲੀ ਰਾਣੀ, ਹਰਪ੍ਰੀਤ ਕੌਰ, ਹਰਦੀਪ ਕੌਰ, ਰਾਜਿੰਦਰ ਕੌਰ ਆਦਿ ਮੌਜੂਦ ਸਨ।