ਜੇ.ਬੀ.ਸੇਖੋਂ
ਗੜ੍ਹਸ਼ੰਕਰ, 5 ਜੂਨ
ਪਿੰਡ ਗੋਂਦਪੁਰ ਵਿੱਚ ਲੱਗੀ ਸਾਬਣ ਅਤੇ ਕਾਸਮੈਟਿਕ ਤਿਆਰ ਕਰਨ ਵਾਲੀ ਫੈਕਟਰੀ ਮੌਡਲੈਸ ਕਾਸਮੈਟਿਕਸ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਇਲਾਕੇ ਦੇ ਪੰਜ ਪਿੰਡਾਂ ਦੇ ਵਸਨੀਕਾਂ ਵੱਲੋਂ ‘ਪਿੰਡ ਬਚਾਓ ਲੋਕ ਬਚਾਓ ਕਮੇਟੀ’ ਦੀ ਅਗਵਾਈ ਹੇਠ ਫੈਕਟਰੀ ਸਾਹਮਣੇ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਗਿਆ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਇਸ ਮੌਕੇ ਬੁਲਾਰਿਆਂ ਪ੍ਰਧਾਨ ਸੂਬੇਦਾਰ ਅਸ਼ੋਕ ਕੁਮਾਰ, ਉੱਪ ਪ੍ਰਧਾਨ ਰਮੇਸ਼ ਕੁਮਾਰ, ਦਿਲਬਾਗ ਸਿੰਘ, ਸੰਤੋਖ ਜੋਸ਼ੀ, ਅਜਾਇਬ ਸਿੰਘ ਬੋਪਾਰਾਏ, ਬਿਕਰਮ ਸਿੰਘ, ਨਿਰਮਲ ਸਿੰਘ, ਗੁਰਪਾਲ ਸਿੰਘ, ਜਗਰੂਪ ਸਿੰਘ, ਹਰਬੰਸ ਲਾਲ ਤੇ ਦਰਸ਼ਨ ਕੁਮਾਰ ਨੰਬਰਦਾਰ ਨੇ ਕਿਹਾ ਕਿ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਫੈਕਟਰੀ ਦਾ ਬਦਬੋ ਮਾਰਦੇ ਪਾਣੀ, ਹਵਾ ਅਤੇ ਚਿਮਨੀ ਤੋਂ ਨਿਕਲ ਰਹੀ ਸੁਆਹ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਦਾ ਵੱਡਾ ਸਰੋਤ ਦੁਧਾਰੂ ਪਸ਼ੂ ਹਨ ਪਰ ਫੈਕਟਰੀ ਦੇ ਪ੍ਰਦੂਸ਼ਣ ਨਾਲ ਲੋਕਾਂ ਦੇ ਦੁਧਾਰੂ ਪਸ਼ੂ ਵੀ ਅਨੇਕਾਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ’ਤੇ ਇਸ ਫੈਕਟਰੀ ਦੇ ਪ੍ਰਦੂਸ਼ਣ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਾਇਆ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਵੱਲੋਂ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਨਾ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਮੇਟੀ ਦੇ ਅਹੁਦੇਦਾਰਾਂ ਅਨੁਸਾਰ ਇਸ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਸੰਘਰਸ਼ ਕਮੇਟੀ ਦੀ ਅਗਲੀ ਬੈਠਕ 7 ਜੂਨ ਨੂੰ ਹੋਵੇਗੀ। ਇਸ ਮੌਕੇ ਪ੍ਰਭਾਵਿਤ ਲੋਕਾਂ ਵੱਲੋਂ ਹਿਮਾਚਲ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।