ਪੱਤਰ ਪ੍ਰੇਰਕ
ਜਲੰਧਰ, 22 ਅਗਸਤ
ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਅੱਜ ਸਥਾਨਕ ਐੱਮਬੀਡੀ ਮਾਲ ਸਥਿਤ ਪੀਵੀਆਰ ਦੇ ਬਾਹਰ ਆਗਾਮੀ ਬਾਲੀਵੁੱਡ ਫਿਲਮ ‘ਐਮਰਜੈਂਸੀ’ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਫਿਲਮ ’ਚ ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ ਜਿਸ ਵਿੱਚ ਸਿੱਖ ਕੌਮ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸ ਕਾਰਨ ਅੱਜ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ।
ਸਿੱਖ ਆਗੂਆਂ ਕਿਹਾ ਕਿ ਉਹ ਇਸ ਫਿਲਮ ਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਨਹੀਂ ਹੋਣ ਦੇਣਗੇ। ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਖ਼ਿਲਾਫ਼ ਜਲੰਧਰ ’ਚ ਮਾਮਲਾ ਵੀ ਦਰਜ ਕਰਵਾਉਣਗੇ। ਸਿੱਖ ਤਾਜ ਮਹਿਲ ਕਮੇਟੀ ਦੇ ਅਹੁਦੇਦਾਰ ਹਰਪਾਲ ਸਿੰਘ ਚੱਢਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਸਿੱਖਾਂ ’ਤੇ ਹੋਏ ਅੱਤਿਆਚਾਰ ਨੂੰ ਦਰਸਾਇਆ ਗਿਆ ਹੈ। ਇਹ ਫਿਲਮ ਸਿੱਖ ਵਿਰੋਧੀ ਹੈ। ਇਸ ਫਿਲਮ ’ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੀ ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਭਾਈਚਾਰੇ ਖਿਲਾਫ ਬਿਆਨ ਦੇ ਚੁੱਕੀ ਹੈ। ਉਹ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਇਸ ਮਾਮਲੇ ਸਬੰਧੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਫਿਲਮ ਪੰਜਾਬ ਵਿੱਚ ਕਿਤੇ ਵੀ ਨਹੀਂ ਦਿਖਾਈ ਜਾਵੇਗੀ ਅਤੇ ਨਾ ਹੀ ਇਸ ਨੂੰ ਰਿਲੀਜ਼ ਹੋਣ ਦਿੱਤਾ ਜਾਵੇਗਾ। ਹਰਪਾਲ ਚੱਢਾ ਨੇ ਇਹ ਵੀ ਕਿਹਾ ਕਿ ਅੱਜ ਪੁਲੀਸ ਕਮਿਸ਼ਨਰ ਦਫਤਰ ਜਾ ਕੇ ਇਸ ਫਿਲਮ ਦੇ ਵਿਰੋਧ ਵਿੱਚ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਸ਼ਿਕਾਇਤ ਦੇਣਗੇ।
ਮੌਕੇ ’ਤੇ ਪੁੱਜੇ ਏਸੀਪੀ ਸਪੈਸ਼ਲ ਬਰਾਂਚ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਫਿਲਮ ਨੂੰ ਪ੍ਰਸ਼ਾਸਨ ਵੱਲੋਂ ਅਗਾਊਂ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ। ਪੀਵੀਆਰ ਮਾਲ ਦੇ ਅਧਿਕਾਰੀ ਨਾਲ ਗੱਲ ਕਰਨ ਤੋਂ ਬਾਅਦ ਪਹਿਲਾਂ ਹੀ ਇਹ ਤੈਅ ਹੋ ਗਿਆ ਸੀ ਕਿ ਇਹ ਫਿਲਮ ਇੱਥੇ ਨਹੀਂ ਦਿਖਾਈ ਜਾਵੇਗੀ।